ਸਰਕਾਰੀ ਹਸਪਤਾਲ ’ਚ ਮੁਰਦਾਘਰ ’ਚ ਰੱਖੀ ਮਹਿਲਾ ਦੀ ਲਾਸ਼ ਨੂੰ ਚੂਹਿਆਂ ਨੇ ਨੋਚਿਆ

0

ਪਰਿਵਾਰ ਵੱਲੋਂ ਹੰਗਾਮਾ, ਜਣੇਪੇ ਦੌਰਾਨ ਹਾਲਤ ਵਿਗੜਨ ਕਾਰਨ ਹੋਈ ਸੀ ਮੌਤ

ਹਿਸਾਰ, 7 ਜੂਨ (ਨਿਊਜ਼ ਟਾਊਨ ਨੈਟਵਰਕ) : ਹਿਸਾਰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਅਤੇ ਸਰਕਾਰੀ ਪ੍ਰਬੰਧਾਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਹਸਪਤਾਲ ਦੇ ਮੁਰਦਾਘਰ (ਮੋਰਚਰੀ) ਵਿੱਚ ਰੱਖੀ ਇੱਕ ਮਹਿਲਾ ਦੀ ਲਾਸ਼ ਨੂੰ ਚੂਹਿਆਂ ਵੱਲੋਂ ਬੁਰੀ ਤਰ੍ਹਾਂ ਨੋਚੇ ਜਾਣ ਦੀ ਖ਼ਬਰ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਦੇ ਮੱਥੇ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਚੂਹਿਆਂ ਦੇ ਕੱਟਣ ਦੇ ਨਿਸ਼ਾਨ ਦੇਖ ਕੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਅੱਜ ਸਵੇਰੇ ਹਸਪਤਾਲ ਕੰਪਲੈਕਸ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਸਾਰੀ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪਰਿਵਾਰਕ ਮੈਂਬਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਦੇ ਮੁਰਦਾਘਰ ਪਹੁੰਚੇ। ਉਨ੍ਹਾਂ ਦੇਖਿਆ ਕਿ ਮੋਰਚਰੀ ਦੇ ਅੰਦਰ ਡੀਪ ਫ੍ਰੀਜ਼ਰ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਚੂਹੇ ਘੁੰਮ ਰਹੇ ਸਨ। ਪਰਿਵਾਰ ਨੇ ਦੋਸ਼ ਲਾਇਆ ਕਿ ਜਦੋਂ 25 ਸਾਲਾ ਕੋਮਲ ਦੀ ਲਾਸ਼ ਨੂੰ ਫ੍ਰੀਜ਼ਰ ਵਿੱਚੋਂ ਬਾਹਰ ਕੱਢਿਆ ਗਿਆ, ਤਾਂ ਉਸ ਦੇ ਮੱਥੇ ‘ਤੇ ਇੱਕ ਵੱਡਾ ਜ਼ਖ਼ਮ ਸੀ ਅਤੇ ਉੱਥੋਂ ਦੀ ਚਮੜੀ ਗਾਇਬ ਸੀ, ਜਿਸ ਨੂੰ ਚੂਹਿਆਂ ਨੇ ਖਾਧਾ ਹੋਇਆ ਸੀ। ਕਮਰੇ ਵਿੱਚ ਘੁੰਮ ਰਹੇ ਚੂਹਿਆਂ ਨੂੰ ਦੇਖ ਕੇ ਇਹ ਸਾਫ਼ ਹੋ ਗਿਆ ਕਿ ਲਾਸ਼ ਨੂੰ ਚੂਹਿਆਂ ਨੇ ਨੁਕਸਾਨ ਪਹੁੰਚਾਇਆ ਹੈ, ਕਿਉਂਕਿ ਮੌਤ ਤੋਂ ਪਹਿਲਾਂ ਮਹਿਲਾ ਦੇ ਸਰੀਰ ‘ਤੇ ਅਜਿਹਾ ਕੋਈ ਵੀ ਨਿਸ਼ਾਨ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਮਲ ਨੂੰ ਸ਼ਨੀਵਾਰ ਨੂੰ ਹਾਂਸੀ ਦੇ ਸਰਕਾਰੀ ਹਸਪਤਾਲ ਵਿੱਚ ਜਣੇਪੇ (ਡਿਲੀਵਰੀ) ਲਈ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦਾ ਆਪ੍ਰੇਸ਼ਨ (ਸੀ-ਸੈਕਸ਼ਨ) ਹੋਇਆ। ਮ੍ਰਿਤਕਾ ਦੇ ਭਰਾ ਮੁਤਾਬਕ ਅਪਰੇਸ਼ਨ ਤੋਂ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਹਾਲਤ ਨਾਜ਼ੁਕ ਹੋ ਗਈ, ਜਿਸ ਕਰਕੇ ਹਾਂਸੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਤੁਰੰਤ ਹਿਸਾਰ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਹਾਲਾਂਕਿ ਹਾਂਸੀ ਤੋਂ ਹਿਸਾਰ ਲਿਆਉਂਦੇ ਸਮੇਂ ਰਸਤੇ ਵਿੱਚ ਹੀ ਕੋਮਲ ਦੀ ਹਾਲਤ ਹੋਰ ਵਿਗੜ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਹਿਸਾਰ ਦੇ ਸਿਵਲ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਅਗਲੀ ਸਵੇਰ ਪੋਸਟਮਾਰਟਮ ਹੋਣ ਤੱਕ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ। ਹਸਪਤਾਲ ਦੇ ਮੁਰਦਾਘਰ ਵਿੱਚ ਵਾਪਰੀ ਇਸ ਲਾਪਰਵਾਹੀ ਕਾਰਨ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਿਸਾਰ ਦੀ ਮੁੱਖ ਮੈਡੀਕਲ ਅਫ਼ਸਰ ਡਾ. ਸਪਨਾ ਗਹਿਲਾਵਤ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *