ਡੀ.ਸੀ. ਕੰਪਲੈਕਸ ਅੰਦਰ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ, ਨਿਰਧਾਰਤ ਥਾਂ ‘ਤੇ ਹੀ ਧਰਨੇ ਲਗਾਉਣ: ਤੇਜਿੰਦਰ ਸਿੰਘ ਨੰਗਲ

ਡੀ.ਸੀ. ਕੰਪਲੈਕਸ ਅੰਦਰ ਰੋਸ ਪ੍ਰਦਰਸ਼ਨ...
ਮਾਲੇਰਕੋਟਲਾ : ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ ਨੇ ਪਿਛਲੇ ਦੋ ਦਿਨਾਂ ਦੌਰਾਨ ਕੁਝ ਅਧਿਆਪਕ ਅਤੇ ਵਕੀਲ ਜਥੇਬੰਦੀਆਂ ਵੱਲੋਂ ਡੀ.ਸੀ. ਕੰਪਲੈਕਸ ਅੰਦਰ ਕੀਤੇ ਗਏ ਰੋਸ ਪ੍ਰਦਰਸ਼ਨਾਂ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦਾ ਧਰਨਾ ਜਾਂ ਰੋਸ ਪ੍ਰਦਰਸ਼ਨ ਡੀ.ਸੀ. ਕੰਪਲੈਕਸ ਦੀ ਬਜਾਏ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ‘ਤੇ ਹੀ ਕੀਤਾ ਜਾਵੇ।
ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਆਪਣੀ ਟੀਮ ਸਮੇਤ ਡੀ.ਸੀ. ਦਫ਼ਤਰ ਮਾਲੇਰਕੋਟਲਾ ਦਾ ਦੌਰਾ ਕਰਕੇ ਸਟਾਫ਼ ਅਤੇ ਅਧਿਕਾਰੀਆਂ ਨਾਲ ਇਕਜੁੱਟਤਾ ਜਤਾਈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਅਤੇ ਜਥੇਬੰਦੀ ਨੂੰ ਆਪਣੀਆਂ ਮੰਗਾਂ ਸ਼ਾਂਤਮਈ ਢੰਗ ਨਾਲ ਉਠਾਉਣ ਦਾ ਸੰਵਿਧਾਨਕ ਹੱਕ ਹੈ, ਪਰ ਇਸ ਦੌਰਾਨ ਸਰਕਾਰੀ ਦਫ਼ਤਰਾਂ ਦੇ ਰੋਜ਼ਾਨਾ ਕੰਮਕਾਜ, ਆਮ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਅਤੇ ਕਾਨੂੰਨ-ਵਿਵਸਥਾ ਵਿੱਚ ਰੁਕਾਵਟ ਨਹੀਂ ਪੈਣੀ ਚਾਹੀਦੀ।
ਨੰਗਲ ਨੇ ਕਿਹਾ ਕਿ ਡੀ.ਸੀ. ਕੰਪਲੈਕਸ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਕੰਮਕਾਜ ਦਾ ਕੇਂਦਰ ਹੈ, ਇਸ ਲਈ ਇਸ ਦੀ ਮਰਿਆਦਾ ਬਰਕਰਾਰ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਾਂ ਲਈ ਨਿਰਧਾਰਤ ਸਥਾਨ ਉਪਲਬਧ ਹਨ ਅਤੇ ਹਰ ਜਥੇਬੰਦੀ ਨੂੰ ਉੱਥੇ ਹੀ ਆਪਣਾ ਰੋਸ ਪ੍ਰਗਟ ਕਰਨਾ ਚਾਹੀਦਾ ਹੈ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਵੀਰ ਸਿੰਘ ਨੇ ਕਿਹਾ ਕਿ ਡੀ.ਸੀ. ਕੰਪਲੈਕਸ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੰਮਾਂ ਲਈ ਆਉਂਦੇ ਹਨ। ਅਜਿਹੇ ਵਿੱਚ ਕੰਪਲੈਕਸ ਅੰਦਰ ਧਰਨੇ ਜਾਂ ਨਾਅਰੇਬਾਜ਼ੀ ਹੋਣ ਕਾਰਨ ਨਾ ਸਿਰਫ਼ ਸਰਕਾਰੀ ਕੰਮਕਾਜ ਪ੍ਰਭਾਵਿਤ ਹੁੰਦਾ ਹੈ, ਸਗੋਂ ਆਮ ਲੋਕਾਂ ਨੂੰ ਵੀ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਸਮੂਹ ਸਮਾਜਿਕ, ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਨੂੰ ਕਾਨੂੰਨ ਦੀ ਪਾਲਣਾ ਕਰਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਜਥੇਬੰਦੀ ਡੀ.ਸੀ. ਕੰਪਲੈਕਸ ਅੰਦਰ ਸਰਕਾਰੀ ਕੰਮਕਾਜ ਵਿੱਚ ਵਿਘਨ ਪੈਦਾ ਕਰੇਗੀ ਤਾਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਨਿਯਮਾਂ ਅਨੁਸਾਰ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾਵੇਗੀ।
