ਚੋਰਾਂ ਦੇ ਬੁਲੰਦ ਹੌਂਸਲੇ, ‘ਆਮ ਆਦਮੀ ਪਾਰਟੀ’ ਦੇ ਜ਼ਿਲ੍ਹਾ ਦਫ਼ਤਰ ਕੰਪਲੈਕਸ ਵਿੱਚ ਕੀਤੀ ਚੋਰੀ

ਦੋ ਮਹੀਨੇ ਪਹਿਲਾਂ ਰਾਮਬਾਗ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਕੋਈ ਕਾਰਵਾਈ ਨਹੀਂ ਹੋਈ।
ਅੰਮ੍ਰਿਤਸਰ (ਸਾਹਿਬ ਦਿਆਲ) ਪਿਛਲੇ ਅੱਠ ਸਾਲਾਂ ਤੋਂ ਆਮ ਆਦਮੀ ਪਾਰਟੀ ਨੇ ਭੰਡਾਰੀ ਪੁਲ ਦੇ ਸਾਹਮਣੇ ਪੰਡਿਤ ਦੀਨ ਦਿਆਲ ਉਪਾਧਿਆਏ ਕੰਪਲੈਕਸ ਦੇ ਅੰਦਰ ਆਪਣਾ ਜ਼ਿਲ੍ਹਾ ਦਫ਼ਤਰ ਬਣਾਇਆ ਹੋਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਕੰਪਲੈਕਸ ਅੰਦਰ ਹੋ ਰਹੀ ਚੋਰੀਆਂ ਦੀ ਖ਼ਬਰ ਮਿਲੀ ਹੈ। ਸ਼ਾਤਿਰ ਚੋਰਾਂ ਨੇ ਕੰਪਲੈਕਸ ਦੇ ਅੰਦਰੋਂ ਟੂਟੀਆਂ, ਐਲੂਮੀਨੀਅਮ ਦੇ ਦਰਵਾਜ਼ੇ, ਏਸੀ ਪਾਈਪਿੰਗ, ਬਾਹਰੀ ਏਸੀ ਯੂਨਿਟ, ਸ਼ੀਸ਼ੇ ਅਤੇ ਲੋਹੇ ਦੀਆਂ ਪਾਈਪਾਂ ਚੋਰੀ ਕੀਤੀਆਂ ਹਨ। ਸਾਹਮਣੇ ਲੱਗੇ ਫੁਹਾਰੇ ਦਾ ਵੀ ਸਾਰਾ ਸਮਾਨ ਚੋਰੀ ਹੋ ਚੁੱਕਿਆ ਹੈ। ਸੁਰੱਖਿਆ ਦੀ ਇਸ ਉਲੰਘਣਾ ਨੇ ਪਾਰਟੀ ਵਰਕਰਾਂ ਅਤੇ ਸਥਾਨਕ ਦੁਕਾਨਦਾਰਾਂ ਵਿੱਚ ਚਿੰਤਾ ਅਤੇ ਡਰ ਪੈਦਾ ਕਰ ਦਿਤਾ ਹੈ। 2001 ਵਿੱਚ ਹਾਲ ਗੇਟ ਦੇ ਸਾਹਮਣੇ ਕਾਰਪੋਰੇਸ਼ਨ ਦੁਆਰਾ ਬਣਾਏ ਗਏ ਪੰਡਿਤ ਦੀਨ ਦਿਆਲ ਉਪਾਧਿਆਏ ਕੰਪਲੈਕਸ ਦੇ ਦੁਕਾਨਦਾਰ ਜਿਨ੍ਹਾਂ ਵਿੱਚ ਕਰਮਜੀਤ ਸਿੰਘ, ਰਾਹੁਲ ਰਾਓ, ਹਰਦੇਵ ਪ੍ਰਿੰਸ, ਪ੍ਰੀਤ ਕੌਰ, ਐਡਵੋਕੇਟ ਰਾਜਿੰਦਰ ਸ਼ਰਮਾ, ਪਵਨ ਕੁਮਾਰ ਅਤੇ ਕਰਮਜੀਤ ਭੱਟੀ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਭੰਡਾਰੀ ਪੁਲ ਤੇ ਖੜੇ ਰਹਿੰਦੇ ਪੁਲਿਸ ਮੁਲਾਜਮਾਂ ਨੂੰ ਅਤੇ ਰਾਮਬਾਗ ਪੁਲਿਸ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਨੀਸ਼ ਅਗਰਵਾਲ ਅਤੇ ਨਵ-ਨਿਯੁਕਤ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕੰਪਲੈਕਸ ਦੇ ਅੰਦਰ ਚੋਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ। ਚੋਰ ਬਹੁਤ ਆਸਾਨੀ ਨਾਲ ਜ਼ਿਲ੍ਹਾ ਕੰਪਲੈਕਸ ਵਿੱਚ ਦਾਖਲ ਹੁੰਦੇ ਹਨ। ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਆਸਾਨੀ ਨਾਲ ਇੱਕ-ਇੱਕ ਕਰਕੇ ਕੀਮਤੀ ਸਮਾਨ ਨੂੰ ਤੋੜਦੇ ਅਤੇ ਚੁੱਕਕੇ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਥੇ ਕਈ ਅਨਜਾਣ ਲੋਕ ਨਸ਼ੇ ਦੀ ਹਾਲਤ ਵਿੱਚ ਰਾਤ ਭਰ ਅੰਦਰ ਸੁੱਤੇ ਰਹਿੰਦੇ ਹਨ। ਕੰਪਲੈਕਸ ਦੀਆਂ ਪੌੜੀਆਂ ਅਤੇ ਖੁੱਲ੍ਹੇ ਬਾਥਰੂਮ ਦੇ ਵਿੱਚ ਬਹੁਤ ਗੰਦਗੀ ਪੱਸਰੀ ਹੋਈ ਹੈ। ਇਸ ਨਾਲ ਆਲੇ ਦੁਆਲੇ ਬਿਮਾਰੀਆਂ ਫੈਲ ਰਹੀਆਂ ਹਨ। ਇੱਥੇ ਦੁਕਾਨਾਂ ਦੇ ਸ਼ਟਰ ਵੀ ਕਈ ਵਾਰ ਤੋੜੇ ਗਏ ਹਨ। ਲੋਕਾਂ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਦੁਕਾਨਦਾਰਾਂ ਨੂੰ ਸ਼ੱਕ ਹੈ ਕਿ ਚੋਰੀਆਂ ਪਿੱਛੇ ਨਸ਼ੇੜੀ ਜਾਂ ਸਮਾਜ ਵਿਰੋਧੀ ਅਨਸਰ ਹੋ ਸਕਦੇ ਹਨ। ਚੋਰਾਂ ਦੇ ਹੌਂਸਲੇ ਨੂੰ ਵੇਖਦੇ ਹੋਏ ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਉਠਾਏ ਹਨ।
