ਧੀ ਦੇ ਜਨਮ ਦਿਨ ਮਾਪਿਆਂ ਨੇ ਸਮਾਜ ਸੇਵਾ ਅਤੇ ਮਨੁੱਖਤਾ ਦੇ ਰੰਗਾਂ ਨਾਲ ਮਨਾਇਆ 

0
created by Polish

ਮਾਜਰੀ,8 ਜੂਨ (ਰਾਜਾ ਸਿੰਘ ਭੰਗੂ): ਜਨਮ ਦਿਨ ਤਾਂ ਹਰ ਕੋਈ ਮਨਾਉਂਦਾ ਹੈ, ਪਰ ਕੁਝ ਜਨਮ ਦਿਨ ਅਜਿਹੇ ਵੀ ਹੁੰਦੇ ਹਨ ਜੋ ਕੇਵਲ ਪਰਿਵਾਰ ਦੀ ਖ਼ੁਸ਼ੀ ਤੱਕ ਸੀਮਤ ਨਹੀਂ ਰਹਿੰਦੇ, ਸਗੋਂ ਅਨੇਕਾਂ ਚਿਹਰਿਆਂ ‘ਤੇ ਮੁਸਕਾਨ ਖਿਲਾਰ ਜਾਂਦੇ ਹਨ। ਅਜਿਹਾ ਹੀ ਇੱਕ ਨਿਵੇਕਲਾ ਉਪਰਾਲਾ ਅੱਜ ਮਾਜਰੀ ਵਿਖੇ ਵੇਖਣ ਨੂੰ ਮਿਲਿਆ, ਜਿੱਥੇ ਇੱਕ ਨੰਨ੍ਹੀ ਮੁੰਨੀ ਧੀ ਅਵਨੀ ਕਪਿਲ ਦੇ ਜਨਮ ਦਿਨ ਨੂੰ ਉਸਦੇ ਮਾਪਿਆਂ ਵੱਲੋਂ ਸਮਾਜ ਸੇਵਾ ਅਤੇ ਮਨੁੱਖਤਾ ਦੇ ਰੰਗਾਂ ਨਾਲ ਸਜਾਇਆ ਗਿਆ। ਤਪਦੀ ਗਰਮੀ ਦੇ ਮੌਸਮ ਵਿੱਚ ਹਨੀ ਪੀਜਾ ਮਾਜਰੀ ਵੱਲੋਂ ਆਪਣੀ ਧੀ ਅਵਨੀ ਕਪਿਲ ਦੇ ਜਨਮ ਦਿਨ ਦੀ ਖ਼ੁਸ਼ੀ ਸਾਂਝੀ ਕਰਦਿਆਂ ਰਾਹਗੀਰਾਂ, ਮਜ਼ਦੂਰਾਂ ਅਤੇ ਆਮ ਲੋਕਾਂ ਲਈ ਠੰਢੇ ਕੋਲਡ ਡਰਿੰਕ ਅਤੇ ਆਈਸਕ੍ਰੀਮ ਦਾ ਲੰਗਰ ਲਗਾਇਆ ਗਿਆ। ਸੜਕ ਤੋਂ ਲੰਘਦੇ ਲੋਕ ਜਦੋਂ ਕੁਝ ਪਲਾਂ ਲਈ ਰੁਕੇ ਅਤੇ ਠੰਢੇ ਪੇਅ ਦਾ ਗਲਾਸ ਹੱਥ ਵਿੱਚ ਫੜਿਆ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਦਿਖਾਈ ਦਿੱਤੀ ਤਸੱਲੀ ਇਸ ਉਪਰਾਲੇ ਦੀ ਅਸਲ ਕਾਮਯਾਬੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਸਿਰਫ਼ ਜਨਮ ਦਿਨ ਮਨਾਉਣਾ ਹੀ ਨਹੀਂ, ਸਗੋਂ ਦੂਜਿਆਂ ਦੀ ਖ਼ੁਸ਼ੀ ਵਿੱਚ ਆਪਣੀ ਖ਼ੁਸ਼ੀ ਲੱਭਣ ਦੀ ਸਿੱਖਿਆ ਦੇਣਾ ਵੀ ਬਹੁਤ ਜ਼ਰੂਰੀ ਹੈ। ਇਸੇ ਸੋਚ ਤਹਿਤ ਅਵਨੀ ਦਾ ਜਨਮ ਦਿਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਜਨਮ ਦਿਨਾਂ ‘ਤੇ ਦਿਖਾਵੇ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ, ਉੱਥੇ ਅਜਿਹੇ ਉਪਰਾਲੇ ਸਮਾਜ ਨੂੰ ਇੱਕ ਸਕਾਰਾਤਮਕ ਸੰਦੇਸ਼ ਦਿੰਦੇ ਹਨ ਕਿ ਅਸਲ ਜਸ਼ਨ ਉਹੀ ਹੈ ਜੋ ਦੂਜਿਆਂ ਦੇ ਕੰਮ ਆਵੇ। ਇਸ ਮੌਕੇ ਸੇਤੀ ਸ਼ਰਮਾ, ਅਨਮੋਲ ਕਪਿਲ, ਅਮਿਤ ਰਾਣਾ, ਸੁਖੀ ਪੀਜਾ, ਤੇਜੀ ਸਿੰਘ, ਬਾਬੂ ਪੀਜਾ, ਅਮਨਦੀਪ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਸੇਵਾ ਕਾਰਜ ਵਿੱਚ ਯੋਗਦਾਨ ਪਾਇਆ। ਨੰਨ੍ਹੀ ਧੀ ਅਵਨੀ ਦਾ ਇਹ ਜਨਮ ਦਿਨ ਕੇਵਲ ਇੱਕ ਪਰਿਵਾਰ ਦਾ ਜਸ਼ਨ ਨਹੀਂ ਰਿਹਾ, ਸਗੋਂ ਸੈਂਕੜੇ ਲੋਕਾਂ ਲਈ ਰਾਹਤ, ਮੁਸਕਾਨ ਅਤੇ ਮਨੁੱਖਤਾ ਦਾ ਸੁਨੇਹਾ ਬਣ ਗਿਆ।

Leave a Reply

Your email address will not be published. Required fields are marked *