ਪੁਡਾ ਐਨਕਲੇਵ ਦੇ ਨਿਵਾਸੀ ਸਮਰ ਕੈਂਪ ਦੌਰਾਨ ਜੋਸ਼ੀਲੇ ਜ਼ੁੰਬਾ ਸੈਸ਼ਨ ਨਾਲ ਹੋਏ ਉਤਸ਼ਾਹਿਤ

0

ਪਟਿਆਲਾ – (ਗੁਰਪ੍ਰਤਾਪ ਸਿੰਘ ਸ਼ਾਹੀ) ਪੁਡਾ ਐਨਕਲੇਵ ਵੈਲਫੇਅਰ ਸੋਸਾਇਟੀ ਵੱਲੋਂ ਚੱਲ ਰਹੇ ਸਮਰ ਕੈਂਪ 2.0 ਤਹਿਤ ਇੱਕ ਜ਼ੁੰਬਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਨੇ ਪੂਰੇ ਇਲਾਕੇ ਵਿੱਚ ਉਤਸ਼ਾਹ ਅਤੇ ਊਰਜਾ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਸੈਸ਼ਨ ਮਿਸ ਚਾਹਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਇਆ ਗਿਆ। ਫਿਟਨੈੱਸ ਸੈਸ਼ਨ ਵਿੱਚ ਵੱਡੀ ਗਿਣਤੀ ਵਿੱਚ ਨਿਵਾਸੀਆਂ ਨੇ ਭਾਗ ਲਿਆ ਅਤੇ ਕਮਿਊਨਿਟੀ ਮੈਦਾਨ ਸਿਹਤ, ਸੰਗੀਤ ਅਤੇ ਨਾਚ ਦਾ ਜੀਵੰਤ ਕੇਂਦਰ ਬਣ ਗਿਆ। ਇਸ ਸਮਾਗਮ ਨੇ ਪੀੜ੍ਹੀਆਂ ਦੀ ਦੂਰੀ ਨੂੰ ਘਟਾਉਂਦੇ ਹੋਏ ਛੋਟੇ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਸਭ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ। ਰੰਗ-ਬਰੰਗੇ ਖੇਡ ਪਹਿਰਾਵੇ ਪਹਿਨੇ ਨਿਵਾਸੀਆਂ ਨੇ ਜੋਸ਼ ਭਰੇ ਸੰਗੀਤ ਦੀਆਂ ਧੁਨਾਂ ’ਤੇ ਕਦਮ ਮਿਲਾਏ। ਪੇਸ਼ੇਵਰ ਫਿਟਨੈੱਸ ਟ੍ਰੇਨਰਾਂ ਦੀ ਰਹਿਨੁਮਾਈ ਹੇਠ ਭਾਗੀਦਾਰਾਂ ਨੇ ਪੂਰੇ ਸੈਸ਼ਨ ਦੌਰਾਨ ਭਰਪੂਰ ਉਤਸ਼ਾਹ ਅਤੇ ਜੋਸ਼ ਦਾ ਪ੍ਰਦਰਸ਼ਨ ਕੀਤਾ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਲੋਕਾਂ ਦੀ ਵੱਡੀ ਭਾਗੀਦਾਰੀ ਅਤੇ ਸਕਾਰਾਤਮਕ ਊਰਜਾ ਨੇ ਸੋਸਾਇਟੀ ਦੀ ਟੀਮ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ। ਪੁੱਡਾ ਸੋਸਾਇਟੀ ਦੇ ਇੱਕ ਬੁਲਾਰੇ ਨੇ ਕਿਹਾ ਸਾਡੇ ਭਾਈਚਾਰੇ ਨੂੰ ਇੰਨੇ ਜੋਸ਼ ਨਾਲ ਇਕੱਠੇ ਹੁੰਦੇ ਦੇਖਣਾ, ਖਾਸ ਕਰਕੇ ਬੱਚਿਆਂ ਦੇ ਨਾਲ ਬਜ਼ੁਰਗਾਂ ਨੂੰ ਨੱਚਦੇ ਦੇਖਣਾ, ਬਹੁਤ ਹੀ ਖੁਸ਼ੀ ਅਤੇ ਮਾਣ ਵਾਲਾ ਪਲ ਸੀ।

ਉਨ੍ਹਾਂ ਕਿਹਾ ਇਸ ਭਾਗੀਦਾਰੀ ਨੇ ਸਾਡੀ ਪੂਰੀ ਟੀਮ ਦਾ ਹੌਸਲਾ ਵਧਾਇਆ ਹੈ ਅਤੇ ਸਾਨੂੰ ਭਵਿੱਖ ਵਿੱਚ ਹੋਰ ਵੀ ਸਿਹਤ, ਤੰਦਰੁਸਤੀ, ਸੱਭਿਆਚਾਰਕ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ ਹੈ। ਜ਼ੁੰਬਾ ਸੈਸ਼ਨ ਦੇ ਅੰਤ ਵਿੱਚ ਭਾਗੀਦਾਰਾਂ ਨੂੰ ਸਿਹਤਮੰਦ ਪੇਅ ਪਦਾਰਥ ਵੰਡੇ ਗਏ। ਇਸ ਉਪਰਾਲੇ ਨੇ ਸਭ ਨੂੰ ਤਾਜ਼ਗੀ ਅਤੇ ਨਵੀਂ ਊਰਜਾ ਨਾਲ ਭਰ ਦਿੱਤਾ ਅਤੇ ਨਿਵਾਸੀਆਂ ਨੇ ਭਵਿੱਖ ਵਿੱਚ ਵੀ ਅਜਿਹੇ ਕਮਿਊਨਿਟੀ-ਬਾਂਡਿੰਗ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਇੰਜੀ. ਸਤਵਿੰਦਰ ਸਿੰਘ ਸੈਣੀ, ਪ੍ਰਧਾਨ ਰਾਜਦੀਪ ਸਿੰਘ, ਮੀਤ ਪ੍ਰਧਾਨ ਪੰਕਜ ਸਚਦੇਵਾ, ਐਡਵਾਈਜ਼ਰ ਡਾ. ਪ੍ਰਭਲੀਨ ਸਿੰਘ, ਅਸ਼ਮੀ, ਰਾਜਦੀਪ, ਹਿਮਾਨੀ ਅਤੇ ਪ੍ਰਗਿਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁੱਡਾ ਇਨਕਲ਼ੇਵ ਨਿਵਾਸੀ ਅਤੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *