ਪਿੰਡ ਦੇ ਮੁੰਡੇ-ਕੁੜੀ ਨੇ ਆਪਸ ‘ਚ ਕਰਵਾਇਆ ਵਿਆਹ, ਸਦਮੇ ‘ਚ ਕੁੜੀ ਦੇ ਮਾਤਾ-ਪਿਤਾ ਦੀ ਹੋਈ ਮੌਤ, ਪੰਚਾਇਤ ਨੇ ਕੀਤਾ ਬਾਈਕਾਟ


ਸੰਗਰੂਰ, 3 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਦੇ ਹੀ ਇੱਕ ਮੁੰਡੇ ਵੱਲੋਂ ਅਪਣੇ ਹੀ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਸਨਸਨੀ ਫੈਲ ਗਈ ਹੈ। ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪੰਚਾਇਤ ਨੇ ਦੋਵੇਂ ਮੁੰਡੇ-ਕੁੜੀ ਨੂੰ ਪਿੰਡ ਵਿਚੋਂ ਬਾਹਰ ਕੱਢਣ ਲਈ ਮਤਾ ਪਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ, ਜਿਸ ਨੂੰ ਲੈ ਕੇ ਜਿੱਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਤਰਾਜ਼ ਜ਼ਾਹਿਰ ਕੀਤਾ, ਉੱਥੇ ਹੀ ਪਿੰਡ ਵਾਸੀਆਂ ਨੇ ਵੀ ਇਤਰਾਜ਼ ਜਾਹਿਰ ਕੀਤਾ। ਪਰਿਵਾਰਿਕ ਮੈਂਬਰਾਂ ਦੇ ਇਲਜ਼ਾਮ ਹਨ ਕਿ ਉਕਤ ਕੁੜੀ ਅਤੇ ਮੁੰਡੇ ਦੇ ਵਿਆਹ ਤੋਂ ਬਾਅਦ ਕੁੜੀ ਦੇ ਮਾਤਾ-ਪਿਤਾ ਦੀ ਸਦਮੇ ਵਿੱਚ ਦੋਵਾਂ ਦੀ ਮੌਤ ਹੋ ਗਈ ਅਤੇ ਹੁਣ ਪਿੰਡ ਦੀ ਪੰਚਾਇਤ ਨੇ ਪਿੰਡ ਅੰਦਰ ਵੱਡਾ ਇਕੱਠ ਕਰਕੇ ਪਿੰਡ ਦੀ ਸਹਿਮਤੀ ਦੇ ਨਾਲ ਇੱਕ ਮਤਾ ਪਾਸ ਕਰ ਦਿੱਤਾ ਕਿ ਉਕਤ ਮੁੰਡਾ ਤੇ ਕੁੜੀ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ, ਨਹੀਂ ਤਾਂ ਫਿਰ ਕੋਈ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਪੰਚਾਇਤ ਨੇ ਵੀ ਇਹੋ ਪੱਖ ਰੱਖਿਆ ਕਿ ਪ੍ਰਸ਼ਾਸਨ ਇਸ ਮਾਮਲੇ ਵੱਲ ਵਿਸ਼ੇਸ਼ ਧਿਆਨ ਦੇਵੇ। ਦੱਸਣਯੋਗ ਹੈ ਕਿ ਉਕਤ ਮੁੰਡਾ ਪਰਿਵਾਰ ਕੈਮਰੇ ਮੂਹਰੇ ਜਾਂ ਪੰਚਾਇਤ ਮੂਹਰੇ ਆਉਣ ਲਈ ਤਿਆਰ ਨਹੀਂ ਹੈ।
