ਮੁੱਖ ਮੰਤਰੀ ਨੇ ਅਜਨਾਲਾ ‘ਚ ਸਰਕਾਰੀ ਡਿਗਰੀ ਕਾਲਜ ਦਾ ਰੱਖਿਆ ਨੀਂਹ-ਪੱਥਰ

ਕਾਲਜ ਦਾ ਨਾਮ ਬਾਬਾ ਗਮਚੁੱਕ ਜੀ ਮਹਾਰਾਜ ਦੇ ਨਾਮ ’ਤੇ ਰੱਖਣ ਦਾ ਐਲਾਨ
ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ : ਮੁੱਖ ਮੰਤਰੀ



ਅਜਨਾਲਾ, 20 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਮ੍ਰਿਤਸਰ ਦੌਰੇ ਦਾ ਦੂਜਾ ਦਿਨ ਹੈ। ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਭੇਟ ਕੀਤਾ। ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਵਿੱਚ ਦਾਣਾ ਮੰਡੀ ਵਿਖੇ ਇੱਕ ਇਤਿਹਾਸਕ ਸਮਾਗਮ ਹੋਇਆ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਮੁੱਖ ਮੰਤਰੀ ਨੇ ਇਲਾਕੇ ਵਿੱਚ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਉੱਚ ਸਿੱਖਿਆ ਸੰਸਥਾ ਦੀ ਮੰਗ ਕਰ ਰਹੇ ਸਨ ਅਤੇ ਇਹ ਹੁਣ ਪੂਰਾ ਹੋ ਰਿਹਾ ਹੈ। ਇਸ ਕਾਲਜ ਦੇ ਨਿਰਮਾਣ ਨਾਲ ਅਜਨਾਲਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਹੁਣ ਉੱਚ ਸਿੱਖਿਆ ਲਈ ਦੂਰ-ਦੁਰਾਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ। ਮੁੱਖ ਮੰਤਰੀ ਦੇ ਸਵਾਗਤ ਲਈ ਅਜਨਾਲਾ ਦੀ ਦਾਣਾ ਮੰਡੀ ਵਿਖੇ ਇੱਕ ਵੱਡਾ ਜਨਤਕ ਇਕੱਠ ਕੀਤਾ ਗਿਆ। ਮੁੱਖ ਮੰਤਰੀ ਦੇ ਪ੍ਰੋਗਰਾਮ ਲਈ ਇਲਾਕੇ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਥਾਨਕ ਲੋਕ ਇਸਨੂੰ ਅਜਨਾਲਾ ਦੇ ਵਿਕਾਸ ਵੱਲ ਇੱਕ ਵੱਡਾ ਕਦਮ ਮੰਨਦੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਲਕਾ ਅਜਨਾਲਾ ਦੇ ਵਾਸੀਆਂ ਨੂੰ ਪਿੰਡ ਬਿਕਰਾਊਰ ਵਿਖੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖ ਕੇ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਜਿਸ ਵਿੱਚ ਆਸ-ਪਾਸ ਦੇ 50 ਪਿੰਡਾਂ ਦੇ ਵਿਦਿਆਰਥੀ ਚੰਗੀ ਸਿੱਖਿਆ ਲੈ ਸਕਣਗੇ, ਬੱਚਿਆਂ ਨੂੰ ਘਰਾਂ ਦੇ ਨੇੜੇ ਉਚੇਰੀ ਸਿੱਖਿਆ ਦੇਣ ਲਈ ਅਸੀਂ ਵਚਨਬੱਧ ਹਾਂ। ਕੌਮਾਂਤਰੀ ਸਰਹੱਦ ਨਾਲ ਲਗਦੇ ਇਲਾਕੇ ਅਜਨਾਲਾ ਵਿੱਚ ਅੱਜ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਦਹਾਕਿਆਂ ਤੱਕ ਆਪਸੀ ਮਿਲੀਭੁਗਤ ਨਾਲ ਪੰਜਾਬ ਨੂੰ ਅੰਨ੍ਹੇਵਾਹ ਲੁੱਟਿ, ਸੂਬੇ ਦੀਆਂ ਸੰਸਥਾਵਾਂ ਨੂੰ ਖੋਖਲਾ ਕੀਤਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਕਾਲਜ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਸਿੱਖਿਆ, ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਜਨਤਕ ਭਾਈਵਾਲੀ ਰਾਹੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਸੰਕਲਪ ਨੂੰ ਦਰਸਾਉਂਦਾ ਹੈ। ਇਸ ਕਾਲਜ ਦਾ ਨਾਮ ਸਤਿਕਾਰਯੋਗ ਸ਼ਖਸੀਅਤ ਬਾਬਾ ਗਮਚੁੱਕ ਜੀ ਮਹਾਰਾਜ ਦੇ ਨਾਮ ‘ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ ਹਰ ਸੰਭਵ ਸਹੂਲਤ ਅਤੇ ਸੰਸਥਾਗਤ ਸਹਾਇਤਾ ਪ੍ਰਦਾਨ ਕਰੇਗੀ, ਉੱਥੇ ਹਰ ਪੰਜਾਬੀ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ ਤਾਂ ਜੋ ਪੰਜਾਬ ਨੂੰ ‘ਰੰਗਲਾ ਪੰਜਾਬ’ ਵਿੱਚ ਬਦਲਿਆ ਜਾ ਸਕੇ ਤਾਂ ਕਿ ਸਾਡੇ ਬੱਚੇ ਚੰਗੇ ਭਵਿੱਖ ਦੀ ਭਾਲ ਵਿੱਚ ਦੇਸ਼ ਛੱਡਣ ਲਈ ਮਜਬੂਰ ਨਾ ਹੋਣ। ਉਨ੍ਹਾਂ ਕਿਹਾ, “ਵਿਰੋਧੀ ਧਿਰ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ। ਉਹ ਸਿਰਫ਼ ਲੋਕਾਂ ਅਤੇ ਸੂਬੇ ਦੇ ਸਰੋਤਾਂ ਨੂੰ ਲੁੱਟਣ ਦੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ” ਉਨ੍ਹਾਂ ਕਿਹਾ,”ਇਸ ਕਾਲਜ ਨਾਲ ਸਰਹੱਦੀ ਖੇਤਰ ਦੇ ਨੌਜਵਾਨ ਆਪਣੇ ਘਰਾਂ ਦੇ ਨੇੜੇ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ। 15 ਏਕੜ ਰਕਬੇ ਵਿੱਚ ਇਸ ਸੰਸਥਾ ਨੂੰ ਬਣਾਉਣ ‘ਤੇ 15 ਕਰੋੜ ਰੁਪਏ ਖਰਚ ਕੀਤੇ ਜਾਣਗੇ।” ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਨੇੜਲੇ 50 ਪਿੰਡਾਂ ਦੇ ਨੌਜਵਾਨਾਂ ਨੂੰ ਲਾਭ ਹੋਵੇਗਾ ਜਿਸ ਵਿੱਚ ਆਉਣ ਵਾਲੇ ਸਾਲਾਂ ਵਿੱਚ 2000 ਤੋਂ ਵੱਧ ਵਿਦਿਆਰਥੀਆਂ ਦੇ ਦਾਖਲੇ ਦੀ ਉਮੀਦ ਹੈ। “ਇਹ ਸੰਸਥਾ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਵਿਗਿਆਨ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਸਿੱਖਿਆ ਦੇ ਕੋਰਸ ਕਰਵਾਏਗੀ, ਜਿਸ ਨਾਲ ਸਰਹੱਦੀ ਪੱਟੀ ਦੇ ਵਿਦਿਆਰਥੀਆਂ ਲਈ ਆਧੁਨਿਕ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਈ ਜਾਵੇਗੀ।” ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਾਲਜ ਲਈ ਜ਼ਮੀਨ ਦਾਨ ਕਰਨ ਵਾਲੇ ਪਿੰਡ ਦੇ ਵਿਦਿਆਰਥੀਆਂ ਨੂੰ ਇਸ ਸੰਸਥਾ ਵਿੱਚ ਮੁਫ਼ਤ ਸਿੱਖਿਆ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਲਜ ਦਾ ਨਾਮ ਬਾਬਾ ਗਮਚੁੱਕ ਜੀ ਮਹਾਰਾਜ ਦੇ ਨਾਮ ਤੇ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਪਿਛਲੀਆਂ ਸਰਕਾਰਾਂ ਨੇ ਇਸ ਚੁਣੌਤੀ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਿਸਟਮ ਨੂੰ ਬਰਬਾਦ ਕਰ ਦਿੱਤਾ, ਜਿਸ ਨਾਲ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਦੇਖਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਸੀਨੀਅਰ ‘ਆਪ ਨੇਤਾ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, “ਇਹ ਮੰਦਭਾਗਾ ਹੈ ਕਿ ਅਜਨਾਲਾ ਵਿੱਚ 70 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਕਾਲਜ ਨਹੀਂ ਸੀ। ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅੱਜ ਪੂਰੀ ਹੋ ਗਈ ਹੈ। ਅਸੀਂ ਹਰ ਵਾਅਦੇ ਨੂੰ ਪੂਰਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਇਹ ਕਾਲਜ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ।” ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਈ.ਟੀ.ਓ., ਸੀਨੀਅਰ ਆਪ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਪਾਰਟੀ ਆਗੂ ਤੇ ਸਥਾਨਕ ਨੁਮਾਇੰਦੇ ਸ਼ਾਮਲ ਹੋਏ।
