ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਬਚਾਈ ਨੌਜਵਾਨ ਦੀ ਜਾਨ


ਸਰਹਿੰਦ ਭਾਖੜਾ ਨਹਿਰ ’ਚ ਡੁੱਬ ਰਹੇ ਨੌਜਵਾਨ ਨੂੰ ਗੋਤਾਖੋਰਾਂ ਨੇ ਕੱਢਿਆ ਬਾਹਰ, ਹਸਪਤਾਲ ਪਹੁੰਚਾਇਆ
ਫਤਿਹਗੜ੍ਹ ਸਾਹਿਬ, 4 ਜਨਵਰੀ (ਰਾਜਿੰਦਰ ਸਿੰਘ ਭੱਟ)- ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚੋਂ ਲੰਘਦੀ ਸਰਹਿੰਦ ਭਾਖੜਾ ਨਹਿਰ ਵਿੱਚ ਡੁੱਬ ਰਹੇ ਇੱਕ ਨੌਜਵਾਨ ਦੀ ਜਾਨ ਸਮੇਂ-ਸਿਰ ਮਿਲੀ ਮਦਦ ਨਾਲ ਬਚ ਗਈ। ਇਸ ਮਨੁੱਖਤਾ ਭਰੇ ਕਾਰਜ ਵਿੱਚ ਪਿੰਡ ਚਨਾਰਥਲ ਕਲਾਂ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਸਰਾਹਣਯੋਗ ਭੂਮਿਕਾ ਨਿਭਾਈ।
ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਕਿਸੇ ਨਿੱਜੀ ਕੰਮ ਸਬੰਧੀ ਸ਼ਹਿਰ ਵੱਲ ਜਾ ਰਹੇ ਸਨ, ਤਾਂ ਉਨ੍ਹਾਂ ਨੇ ਵੇਖਿਆ ਕਿ ਗੋਤਾਖੋਰ ਆਸੂ ਮਲਿਕ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਨੌਜਵਾਨ ਨੂੰ ਸਰਹਿੰਦ ਭਾਖੜਾ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਨੌਜਵਾਨ ਦੀ ਪਹਿਚਾਣ ਗੌਤਮ ਟਿਵਾਣਾ, ਵਾਸੀ ਪਿੰਡ ਰਨੋ ਵਜੋਂ ਹੋਈ ਹੈ, ਜੋ ਨਹਿਰ ਵਿੱਚ ਡੁੱਬ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਬਿਨਾਂ ਦੇਰੀ ਕੀਤੇ ਉਹਨਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਿਵਲ ਹਸਪਤਾਲ ਚਨਾਰਥਲ ਕਲਾਂ ਵਿਖੇ ਦਾਖਲ ਕਰਵਾਇਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਮੁੱਢਲਾ ਇਲਾਜ ਕਰਨ ਉਪਰੰਤ ਨੌਜਵਾਨ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਸਰਕਾਰੀ ਰਾਜਿੰਦਰਾਂ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਗੋਤਾਖੋਰ ਆਸੂ ਮਲਿਕ ਅਤੇ ਉਸ ਦੇ ਸਾਥੀਆਂ ਦੀ ਹਿੰਮਤ ਅਤੇ ਜਗਦੀਪ ਸਿੰਘ ਨੰਬਰਦਾਰ ਦੀ ਤੁਰੰਤ ਸਹਾਇਤਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਸਮੇਂ-ਸਿਰ ਕੀਤੀ ਗਈ ਇਹ ਮਨੁੱਖਤਾ ਭਰੀ ਕੋਸ਼ਿਸ਼ ਇੱਕ ਨੌਜਵਾਨ ਦੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੋਈ।ਇਸ ਮੌਕੇ ਉਨ੍ਹਾਂ ਨਾਲ ਗੁਰਵਿੰਦਰ ਸਿੰਘ ਗੁਰੀ, ਕਮਲਪ੍ਰੀਤ ਸਿੰਘ, ਜਗਦੀਪ ਸਿੰਘ ਗੱਗੀ,ਸੁਖਚੈਨ ਸਿੰਘ, ਗੁਰਜੰਟ ਸਿੰਘ ਜੰਟਾ ਆਦਿ ਹਾਜ਼ਰ ਸਨ।
