ਭਾਗੀਵਾਂਦਰ ‘ਚ ਰਿਲਾਇੰਸ ਜੀਓ ਮੋਬਾਇਲ ਟਾਵਰ ਦੇ ਜਨਰੇਟਰ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

0

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)– ਤਲਵੰਡੀ ਸਾਬੋ ਦੇ ਨੇੜਲੇ ਪਿੰਡ ਭਾਗੀਵਾਂਦਰ ਵਿੱਚ ਅੱਜ ਰਿਲਾਇੰਸ ਜੀਓ ਮੋਬਾਇਲ ਟਾਵਰ ਦੇ ਜਨਰੇਟਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਅੱਗ ਦੌਰਾਨ ਹੋਏ ਵੱਡੇ-ਵੱਡੇ ਧਮਾਕਿਆਂ ਦੀਆਂ ਆਵਾਜ਼ਾਂ ਗੁਆਂਢੀਆਂ ਨੂੰ ਸੁਣਾਈ ਦਿੱਤੀਆਂ, ਜਿਸ ਨਾਲ ਲੋਕ ਡਰ ਦੇ ਮਾਹੌਲ ਵਿੱਚ ਆ ਗਏ। ਗੁਆਂਢੀਆਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਟਾਵਰ ਅਧਿਕਾਰੀਆਂ ਨੂੰ ਬਾਰ-ਬਾਰ ਫੋਨ ਕੀਤੇ ਗਏ, ਪਰ ਉਹ ਕਾਫੀ ਦੇਰੀ ਨਾਲ ਮੌਕੇ ‘ਤੇ ਪਹੁੰਚੇ। ਲੋਕਾਂ ਨੇ ਇਸਨੂੰ ਗੰਭੀਰ ਲਾਪਰਵਾਹੀ ਕਰਾਰ ਦਿੱਤਾ।

ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ। ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨੇੜਲੇ ਘਰਾਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਜਦੋਂ ਟਾਵਰ ਅਧਿਕਾਰੀਆਂ ਨਾਲ ਇਸ ਮਾਮਲੇ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਕਹਿਣਾ ਜਰੂਰੀ ਨਹੀਂ ਸਮਝਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਮੋਬਾਇਲ ਟਾਵਰ ਰਿਹਾਇਸ਼ੀ ਘਰਾਂ ਦੇ ਬਹੁਤ ਨੇੜੇ ਲੱਗਿਆ ਹੋਇਆ ਹੈ, ਜਿਸ ਨਾਲ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਵਿੱਖ ਵਿੱਚ ਐਸੇ ਟਾਵਰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਲਗਾਏ ਜਾਣ ਤਾਂ ਜੋ ਕਿਸੇ ਵੀ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *