ਪੰਜਾਬ ਭਰ ‘ਚੋਂ ਤੀਜੇ ਨੰਬਰ ਤੇ ਰਹੀ ਵਾਲੀਵਾਲ ਦੀ ਟੀਮ ਨੂੰ ਅੱਜ ਜਥੇਦਾਰ ਦਾਦੂਵਾਲ ਨੇ ਕੀਤਾ ਸਨਮਾਨਿਤ

ਤਲਵੰਡੀ ਸਾਬੋ, 03 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਭਰ ਦੇ ਵਾਲੀਵਾਲ ਖੇਡ ਮੁਕਾਬਲਿਆਂ ਚੋਂ ਤੀਜੇ ਨੰਬਰ ‘ਤੇ ਰਹੀ ਟੀਮ ਨੂੰ ਅੱਜ ਪਿੰਡ ਜੋਗੇਵਾਲਾ ਜ਼ਿਲਾ ਬਠਿੰਡਾ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਰਟੀਫਿਕੇਟ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਠਿੰਡਾ ਦੇ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਬਲਜਿੰਦਰ ਸਿੰਘ ਵਾਲੀਵਾਲ ਕੋਚ ਵੱਲੋਂ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਤਰਾਸ਼ ਕੇ ਖੇਡ ਲਈ ਤਿਆਰ ਕੀਤਾ ਸੀ ਤੇ ਇਨਾਂ 6 ਬੱਚਿਆਂ ਨੇ ਅੱਛੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਦੇ ਖੇਡ ਮੁਕਾਬਲਿਆਂ ਵਿੱਚੋਂ ਤੀਜੀ ਪੁਜੀਸ਼ਨ ਨੂੰ ਪ੍ਰਾਪਤ ਕੀਤਾ ਕੋਚ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ 23 ਜਿਲਿਆਂ ਅਤੇ 4 ਅਕੈਡਮੀਆਂ ਦੀਆਂ ਕੁੱਲ 27 ਟੀਮਾਂ ਵੱਲੋਂ ਭਾਗ ਲਿਆ ਗਿਆ ਸੀ ਜਿਨਾਂ ਵਿੱਚੋਂ ਇਸ ਟੀਮ ਨੇ ਤੀਜੀ ਪੁਜੀਸ਼ਨ ਨੂੰ ਪ੍ਰਾਪਤ ਕੀਤਾ ਹੈ। ਜਥੇਦਾਰ ਦਾਦੂਵਾਲ ਵੱਲੋਂ ਇਨਾਂ ਬੱਚਿਆਂ ਦਾ ਹੌਂਸਲਾ ਵਧਾਉਣ ਵਾਸਤੇ 6 ਵਾਲੀਵਾਲ ਖੇਡ ਬਾਲਾਂ ਅਤੇ 12 ਖੇਡ ਕਿੱਟਾਂ ਆਪਣੇ ਸੁੱਖ ਸੇਵਾ ਸਿਮਰਨ ਟਰਸਟ ਰਜਿਸਟਰਡ ਵੱਲੋਂ ਦੇਣ ਦਾ ਐਲਾਨ ਕੀਤਾ। ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਜਥੇਦਾਰ ਦਾਦੂਵਾਲ ਨੂੰ ਸਿਰਪਾਓ ਸਨਮਾਨ ਚਿੰਨ ਭੇਂਟ ਕਰਕੇ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ। ਇਸ ਸਮੇਂ ਨਗਰ ਜੋਗੇਵਾਲਾ ਗੁਰੂਘਰ ਦੇ ਗ੍ਰੰਥੀ ਗਿਆਨੀ ਕੁਲਦੀਪ ਸਿੰਘ, ਪ੍ਰਧਾਨ ਬਲਜੀਤ ਸਿੰਘ, ਜਗਦੇਵ ਸਿੰਘ ਬਲਾਕ ਸੰਮਤੀ ਮੈਂਬਰ, ਨਿਰਮਲ ਸਿੰਘ ਮੱਲੜੀ, ਬਾਬਾ ਅਰਜਨ ਸਿੰਘ ਲਹਿਰੀ, ਗੁਰਦੀਪ ਸਿੰਘ ਕਲੱਬ ਪ੍ਰਧਾਨ, ਦਲਜੀਤ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਸਤਪਾਲ ਸਿੰਘ ਮੈਂਬਰ, ਸੁਰਿੰਦਰ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ, ਅਮਰੀਕ ਸਿੰਘ ਸਾਬਕਾ ਮੈਂਬਰ, ਕਰਤਾਰ ਸਿੰਘ ਸਾਬਕਾ ਸਰਪੰਚ, ਜਗਮੇਲ ਸਿੰਘ ਸਾਬਕਾ, ਨਾਇਬ ਸਿੰਘ ਸਾਬਕਾ ਸਰਪੰਚ ਮੱਲੜੀ, ਅਧਿਆਪਕ ਬਲਜਿੰਦਰ ਸਿੰਘ ਵਾਲੀਵਾਲ ਕੋਚ ਅਤੇ ਉਨਾਂ ਦੀ ਧਰਮ ਸੁਪਤਨੀ ਅਧਿਆਪਕ ਸ਼ਮਿੰਦਰਜੀਤ ਕੌਰ ਵੀ ਹਾਜ਼ਰ ਸਨ।
