ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਭਲਕੇ ਪੀ.ਆਈ.ਐਲ.ਬੀ.ਐਸ. ਮੋਹਾਲੀ ‘ਚ ਵਿਸ਼ੇਸ਼ ਲਿਵਰ ਹੈਲਥ ਕੈਂਪ

ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਭਲਕੇ
ਚੰਡੀਗੜ੍ਹ/ਮੁਹਾਲੀ, 27 ਜੁਲਾਈ: ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ‘ਤੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ ਵੱਲੋਂ 28 ਜੁਲਾਈ (ਮੰਗਲਵਾਰ) ਨੂੰ ਸਵੇਰੇ 9 ਵਜੇ ਤੋਂ ਆਪਣੇ ਓ.ਪੀ.ਡੀ. ਕੰਪਲੈਕਸ ਵਿੱਚ ਵਿਸ਼ੇਸ਼ ਲਿਵਰ ਹੈਲਥ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਆਮ ਲੋਕਾਂ ਨੂੰ ਮਾਹਰ ਡਾਕਟਰਾਂ ਦੀ ਸਲਾਹ ਸਮੇਤ ਲਿਵਰ ਨਾਲ ਸੰਬੰਧਿਤ ਮਹੱਤਵਪੂਰਨ ਜਾਂਚਾਂ ਸਿਰਫ਼ 1000 ਰੁਪਏ ਦੇ ਵਿਸ਼ੇਸ਼ ਪੈਕੇਜ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਸਾਲ ਦੀ ਵਿਸ਼ਵ ਹੈਪੇਟਾਈਟਸ ਦਿਵਸ ਦੀ ਗਲੋਬਲ ਥੀਮ “Let’s Break It Down” ਨੂੰ ਸਮਰਪਿਤ ਇਸ ਪਹਿਲ ਦਾ ਮਕਸਦ ਲਿਵਰ ਰੋਗਾਂ ਦੀ ਸਮੇਂ ਸਿਰ ਪਛਾਣ ਨੂੰ ਉਤਸ਼ਾਹਿਤ ਕਰਨਾ ਅਤੇ ਆਮ ਲੋਕਾਂ ਤੱਕ ਕਿਫ਼ਾਇਤੀ ਜਾਂਚ ਸਹੂਲਤਾਂ ਪਹੁੰਚਾਉਣਾ ਹੈ।
1000 ਰੁਪਏ ‘ਚ ਹੋਣਗੇ ਮੁੱਖ ਟੈਸਟ
ਪੀ.ਆਈ.ਐਲ.ਬੀ.ਐਸ. ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਪੈਕੇਜ ਵਿੱਚ ਮਾਹਰ ਹੈਪੇਟੋਲੋਜਿਸਟ ਦੀ ਸਲਾਹ, ਫਾਈਬਰੋਸਕੈਨ, ਅਲਟਰਾਸਾਊਂਡ, ਲਿਵਰ ਫੰਕਸ਼ਨ ਟੈਸਟ (ਐਲਐਫਟੀ), ਰੀਨਲ ਫੰਕਸ਼ਨ ਟੈਸਟ (ਆਰਐਫਟੀ), ਯੂਰਿਨ ਰੂਟੀਨ ਮਾਈਕਰੋਸਕੋਪੀ ਅਤੇ ਹੈਪੇਟਾਈਟਸ-ਬੀ ਤੇ ਹੈਪੇਟਾਈਟਸ-ਸੀ ਦੀ ਸਕ੍ਰੀਨਿੰਗ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇਹ ਕੈਂਪ ਸਿਰਫ਼ ਲਿਵਰ ਰੋਗੀਆਂ ਲਈ ਹੀ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਲਾਭਦਾਇਕ ਹੈ ਜੋ ਆਪਣੇ ਲਿਵਰ ਦੀ ਸਿਹਤ ਬਾਰੇ ਨਿਸ਼ਚਿੰਤ ਹੋਣਾ ਚਾਹੁੰਦਾ ਹੈ। ਉਨ੍ਹਾਂ ਸੂਬੇ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਮੇਂ ਸਿਰ ਜਾਂਚ ਕਰਵਾ ਕੇ ਗੰਭੀਰ ਲਿਵਰ ਬਿਮਾਰੀਆਂ ਤੋਂ ਬਚਾਅ ਯਕੀਨੀ ਬਣਾਉਣ।
ਡਾ. ਵੀਰੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਲਿਵਰ ਦੀਆਂ ਕਈ ਬਿਮਾਰੀਆਂ ਸ਼ੁਰੂਆਤੀ ਪੜਾਅ ਵਿੱਚ ਬਿਨਾਂ ਕਿਸੇ ਲੱਛਣ ਦੇ ਹੁੰਦੀਆਂ ਹਨ। ਇਸ ਲਈ ਨਿਯਮਤ ਜਾਂਚ ਅਤੇ ਸਮੇਂ ਸਿਰ ਪਛਾਣ ਨਾਲ ਨਾ ਸਿਰਫ਼ ਇਲਾਜ ਆਸਾਨ ਬਣਦਾ ਹੈ, ਸਗੋਂ ਜਾਨਲੇਵਾ ਪੇਚੀਦਗੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਨੂੰ ਤਰਜੀਹ ਦਿੰਦਿਆਂ ਇਸ ਵਿਸ਼ੇਸ਼ ਕੈਂਪ ਵਿੱਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ।
