ਇੰਡੋਨੇਸ਼ੀਆ ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ ਜੋਬਨ ਬਿੱਲਾ, ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ

0
ash

ਇੰਡੋਨੇਸ਼ੀਆ ਤੋਂ ਭਾਰਤ ਲਿਆਂਦਾ ਗਿਆ...

ਚੰਡੀਗੜ੍ਹ, 25 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਇੰਡੋਨੇਸ਼ੀਆਈ ਅਧਿਕਾਰੀਆਂ ਦੇ ਸਹਿਯੋਗ ਨਾਲ ਭਗੌੜੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਾਰਤ ਲਿਆ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਨੂੰ 20 ਜੁਲਾਈ ਨੂੰ ਇੰਡੋਨੇਸ਼ੀਆ ਵਿੱਚ ਹਿਰਾਸਤ ਵਿੱਚ ਲੈਣ ਤੋਂ ਬਾਅਦ ਭਾਰਤ ਭੇਜਿਆ ਗਿਆ, ਜਿੱਥੇ ਪੰਜਾਬ ਪੁਲਿਸ ਨੇ ਮੁੰਬਈ ਹਵਾਈ ਅੱਡੇ ਤੋਂ ਉਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਲਈ ਪੰਜਾਬ ਰਵਾਨਾ ਕਰ ਦਿੱਤਾ।

ਡੀਜੀਪੀ ਨੇ ਦੱਸਿਆ ਕਿ ਇਹ ਕਾਰਵਾਈ ਛੇ ਮਹੀਨੇ ਲੰਬੇ ਖੁਫੀਆ ਮਿਸ਼ਨ ‘ਆਪ੍ਰੇਸ਼ਨ ਨੋਮੈਡ ਹੰਟ’ ਤਹਿਤ ਸੰਭਵ ਹੋਈ, ਜਿਸ ਵਿੱਚ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (ਓਐਫਟੀਈਸੀ), ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਕੰਮ ਕੀਤਾ।

ਪੁਲਿਸ ਅਨੁਸਾਰ ਜੋਬਨ ਬਿੱਲਾ ਕਤਲ, ਕਤਲ ਦੀ ਕੋਸ਼ਿਸ਼, ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਸਮੇਤ ਕਈ ਸੰਗੀਨ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ ਜਨਵਰੀ 2025 ਵਿੱਚ ਜਾਅਲੀ ਪਾਸਪੋਰਟ ਦੇ ਆਧਾਰ ’ਤੇ ਭਾਰਤ ਤੋਂ ਫਰਾਰ ਹੋ ਗਿਆ ਸੀ ਅਤੇ ਯੂਏਈ, ਜਾਰਜੀਆ ਅਤੇ ਆਖ਼ਿਰਕਾਰ ਇੰਡੋਨੇਸ਼ੀਆ ਵਿੱਚ ਰਹਿ ਕੇ ਆਪਣੇ ਅਪਰਾਧਿਕ ਨੈੱਟਵਰਕ ਨੂੰ ਚਲਾ ਰਿਹਾ ਸੀ।

‘ਆਪ੍ਰੇਸ਼ਨ ਨੋਮੈਡ ਹੰਟ’

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਸ ਦੇ ਟਿਕਾਣਿਆਂ ਤੇ ਜਾਅਲੀ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਲਗਾਤਾਰ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਜਾਂਦੀ ਰਹੀ। ਇਸ ਦੌਰਾਨ ਪੰਜ ਇੰਟਰਪੋਲ ਰੈਫਰੈਂਸ ਵੀ ਜਾਰੀ ਕੀਤੇ ਗਏ, ਜਿਸ ਦੇ ਨਤੀਜੇ ਵਜੋਂ ਇੰਡੋਨੇਸ਼ੀਆ ਵਿੱਚ ਉਸ ਦੀ ਗ੍ਰਿਫ਼ਤਾਰੀ ਸੰਭਵ ਹੋਈ।

ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਜੋਬਨ ਬਿੱਲਾ ਪੰਜਾਬ ਵਿੱਚ ਦਰਜ ਚਾਰ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਇਨ੍ਹਾਂ ਵਿੱਚ ਸਾਲ 2023 ਵਿੱਚ ਜਰਨੈਲ ਸਿੰਘ, 2024 ਵਿੱਚ ਦੀਪੂ ਅਜਨਾਲਾ ਅਤੇ 2025 ਵਿੱਚ 12 ਸਾਲਾ ਗੁਰਸੇਵਕ ਸਿੰਘ ਅਤੇ ਵਿੱਕੀ ਚੁੱਘ ਦੇ ਕਤਲ ਦੇ ਮਾਮਲੇ ਸ਼ਾਮਲ ਹਨ।

ਪੰਜਾਬ ਪੁਲਿਸ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਲੁਕੇ ਭਗੌੜੇ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ ਬਣਾਇਆ ਗਿਆ ਓਐਫਟੀਈਸੀ ਸੈੱਲ ਅੱਗੇ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰੱਖੇਗਾ ਤਾਂ ਜੋ ਸੰਗਠਿਤ ਅਪਰਾਧ ’ਤੇ ਪ੍ਰਭਾਵਸ਼ਾਲੀ ਨਕੇਲ ਕਸੀ ਜਾ ਸਕੇ।

Leave a Reply

Your email address will not be published. Required fields are marked *