NEET ਵਿਵਾਦ ਦੇ ਵਿਚਕਾਰ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

NEET ਵਿਵਾਦ ਦੇ ਵਿਚਕਾਰ...
ਨਵੀਂ ਦਿੱਲੀ : ਦੇਸ਼ ਭਰ ਵਿੱਚ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਨੂੰ ਲੈ ਕੇ ਵਧ ਰਹੇ ਵਿਰੋਧ ਅਤੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਦੇ ਮੱਦੇਨਜ਼ਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੱਤਰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਤੀਫ਼ਾ ਭੇਜਣ ਦੀ ਜਾਣਕਾਰੀ ਦਿੱਤੀ।
ਆਪਣੇ ਪੱਤਰ ਵਿੱਚ ਪ੍ਰਧਾਨ ਨੇ ਲਿਖਿਆ ਕਿ ਜੰਤਰ-ਮੰਤਰ ਅਤੇ ਦੇਸ਼ ਵਿੱਚ ਬਣੀ ਸਥਿਤੀ ਦਾ ਕੋਈ ਦੇਸ਼ ਵਿਰੋਧੀ ਤਾਕਤ ਫ਼ਾਇਦਾ ਨਾ ਚੁੱਕ ਸਕੇ, ਦੇਸ਼ ਦੀ ਅਖੰਡਤਾ ਕਾਇਮ ਰਹੇ ਅਤੇ ਕਿਸੇ ਵੀ ਵਿਦਿਆਰਥੀ ਦਾ ਭਵਿੱਖ ਕਾਨੂੰਨੀ ਉਲਝਣਾਂ ਵਿੱਚ ਨਾ ਫਸੇ, ਇਸ ਲਈ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣਾ ਸਮਾਂ ਪੜ੍ਹਾਈ ਅਤੇ ਕਰੀਅਰ ਬਣਾਉਣ ਵਿੱਚ ਲਗਾਉਣਾ ਚਾਹੀਦਾ ਹੈ।
ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ 3 ਮਈ ਨੂੰ ਹੋਈ NEET-UG ਪ੍ਰੀਖਿਆ ਵਿੱਚ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਪ੍ਰੀਖਿਆ ਰੱਦ ਕਰਕੇ ਮਾਮਲੇ ਦੀ ਜਾਂਚ CBI ਨੂੰ ਸੌਂਪੀ ਸੀ। ਨਾਲ ਹੀ ਪ੍ਰੀਖਿਆ ਮੁੜ ਕਰਵਾਉਣ ਅਤੇ 2027 ਤੋਂ ਇਸ ਨੂੰ ਕੰਪਿਊਟਰ-ਬੇਸਡ ਟੈਸਟ (CBT) ਮੋਡ ਵਿੱਚ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ 21 ਜੂਨ 2026 ਨੂੰ ਮੁੜ ਪ੍ਰੀਖਿਆ ਸ਼ਾਂਤੀਪੂਰਵਕ ਕਰਵਾਈ ਗਈ।
ਆਪਣੇ ਬਚਾਅ ਵਿੱਚ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਮਕਸਦ ਯੋਗ ਵਿਦਿਆਰਥੀਆਂ ਦੇ ਭਵਿੱਖ ਦੀ ਰੱਖਿਆ ਕਰਨਾ ਸੀ। ਉਨ੍ਹਾਂ ਦੱਸਿਆ ਕਿ 16 ਜੁਲਾਈ ਨੂੰ ਐਲਾਨੇ ਗਏ NEET-UG ਦੇ ਨਤੀਜੇ ਸੰਤੋਸ਼ਜਨਕ ਰਹੇ ਅਤੇ ਗ਼ਰੀਬ ਪਰਿਵਾਰਾਂ ਦੇ ਕਈ ਹੋਣਹਾਰ ਵਿਦਿਆਰਥੀਆਂ ਨੇ ਵੀ ਸਫ਼ਲਤਾ ਹਾਸਲ ਕੀਤੀ।
ਪਿਛਲੇ ਦਸ ਦਿਨਾਂ ਦੀਆਂ ਘਟਨਾਵਾਂ ‘ਤੇ ਦੁੱਖ ਪ੍ਰਗਟਾਉਂਦਿਆਂ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਅਣਖ ਦਾ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਯੁਵਾ ਸ਼ਕਤੀ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੇ ਭਰਮ ਦਾ ਸ਼ਿਕਾਰ ਹੋਣ। ਉਨ੍ਹਾਂ ਮੰਤਰੀ ਮੰਡਲ ਦੇ ਸਾਥੀਆਂ ਅਤੇ ਵਿਭਾਗੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਕਰਨਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਟੀਚਾ ਰਹੇਗਾ।
