ਅਮਰੀਕਾ ਨੇ ਜੈਨਰਿਕ ਦਵਾਈਆਂ ‘ਤੇ ਪੜਾਅਵਾਰ ਟੈਰਿਫ ਦਾ ਕੀਤਾ ਐਲਾਨ

ਅਮਰੀਕਾ ਨੇ ਜੈਨਰਿਕ ਦਵਾਈਆਂ 'ਤੇ...
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੈਨਰਿਕ ਦਵਾਈਆਂ ਦੀ ਦਰਾਮਦ ‘ਤੇ ਪੜਾਅਵਾਰ ਟੈਰਿਫ ਲਗਾਉਣ ਦੀ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਟਰੰਪ ਮੁਤਾਬਕ 1 ਅਗਸਤ 2026 ਤੋਂ ਅਗਲੇ ਦੋ ਸਾਲਾਂ ਤੱਕ ਅਮਰੀਕਾ ਵਿੱਚ ਆਉਣ ਵਾਲੀਆਂ ਜੈਨਰਿਕ ਦਵਾਈਆਂ ‘ਤੇ ਜ਼ੀਰੋ ਫੀਸਦੀ ਟੈਰਿਫ ਰਹੇਗਾ। ਇਸ ਤੋਂ ਬਾਅਦ ਇੱਕ ਸਾਲ ਲਈ 100 ਫੀਸਦੀ ਟੈਰਿਫ ਅਤੇ ਫਿਰ 200 ਫੀਸਦੀ ਟੈਰਿਫ ਲਾਗੂ ਕੀਤਾ ਜਾਵੇਗਾ।
ਟਰੰਪ ਨੇ ਆਪਣੇ Truth Social ਪਲੇਟਫਾਰਮ ‘ਤੇ ਕਿਹਾ ਕਿ ਇਸ ਨੀਤੀ ਦਾ ਮਕਸਦ ਜੈਨਰਿਕ ਦਵਾਈਆਂ ਦਾ ਨਿਰਮਾਣ ਮੁੜ ਅਮਰੀਕਾ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਨਿਰਧਾਰਿਤ ਸਮੇਂ ਅੰਦਰ ਅਮਰੀਕਾ ਵਿੱਚ ਉਤਪਾਦਨ ਇਕਾਈਆਂ ਅਤੇ ਉਪਕਰਨ ਸਥਾਪਤ ਨਹੀਂ ਕਰਨਗੀਆਂ, ਉਨ੍ਹਾਂ ‘ਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਨੀਤੀ ਪੇਟੈਂਟ, ਬ੍ਰਾਂਡੇਡ ਜਾਂ ਨਵੀਆਂ ਦਵਾਈਆਂ ‘ਤੇ ਲਾਗੂ ਨਹੀਂ ਹੋਵੇਗੀ।
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਦਵਾਈ ਨਿਰਮਾਣ ਸਹੂਲਤਾਂ ਵੱਡੇ ਪੱਧਰ ‘ਤੇ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਪਿਛਲੇ ਸਾਲ ਕਈ ਵੱਡੀਆਂ ਫਾਰਮਾ ਕੰਪਨੀਆਂ ਨਾਲ ਸਮਝੌਤੇ ਕੀਤੇ ਗਏ ਸਨ, ਜਿਨ੍ਹਾਂ ਤਹਿਤ ਅਰਬਾਂ ਡਾਲਰ ਦੀਆਂ ਦਵਾਈਆਂ ਨੂੰ ਟੈਰਿਫ ਤੋਂ ਛੋਟ ਦਿੱਤੀ ਗਈ ਸੀ, ਜਦਕਿ ਬ੍ਰਾਂਡੇਡ ਦਵਾਈਆਂ ‘ਤੇ ਕੀਮਤ ਸਮਝੌਤੇ ਜਾਂ ਅਮਰੀਕਾ ਵਿੱਚ ਨਿਰਮਾਣ ਦੇ ਵਾਅਦੇ ਤੱਕ ਟੈਰਿਫ ਲਾਗੂ ਰਿਹਾ।
ਭਾਰਤ ‘ਤੇ ਪੈ ਸਕਦਾ ਹੈ ਵੱਡਾ ਅਸਰ
ਟਰੰਪ ਦੀ ਨਵੀਂ ਨੀਤੀ ਭਾਰਤ ਸਮੇਤ ਵਿਦੇਸ਼ੀ ਜੈਨਰਿਕ ਦਵਾਈ ਨਿਰਮਾਤਾਵਾਂ ਲਈ ਲੰਬੇ ਸਮੇਂ ਦੀ ਚੁਣੌਤੀ ਮੰਨੀ ਜਾ ਰਹੀ ਹੈ। ਭਾਰਤ ਅਮਰੀਕਾ ਵਿੱਚ ਵਰਤੀਆਂ ਜਾਣ ਵਾਲੀਆਂ ਕਰੀਬ 40 ਫੀਸਦੀ ਜੈਨਰਿਕ ਦਵਾਈਆਂ ਦੀ ਸਪਲਾਈ ਕਰਦਾ ਹੈ ਅਤੇ ਦੁਨੀਆ ਦੀ “ਫਾਰਮੇਸੀ” ਵਜੋਂ ਜਾਣਿਆ ਜਾਂਦਾ ਹੈ। ਦੇਸ਼ ਵਿੱਚ 3,000 ਤੋਂ ਵੱਧ ਅਮਰੀਕੀ ਐਫਡੀਏ-ਮਨਜ਼ੂਰਸ਼ੁਦਾ ਨਿਰਮਾਣ ਪਲਾਂਟ ਹਨ।
ਅਕਤੂਬਰ 2024 ਵਿੱਚ ਨਵੀਂ ਦਿੱਲੀ ਵਿੱਚ ਹੋਏ USISPF ਇੰਡੀਆ ਲੀਡਰਸ਼ਿਪ ਸੰਮੇਲਨ ਦੌਰਾਨ ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਅਮਰੀਕਾ ਤੋਂ ਬਾਹਰ ਸਭ ਤੋਂ ਵੱਧ ਐਫਡੀਏ-ਪ੍ਰਵਾਨਿਤ ਫਾਰਮਾਸਿਊਟੀਕਲ ਪਲਾਂਟ ਭਾਰਤ ਵਿੱਚ ਹਨ, ਜੋ ਕੁੱਲ ਐਫਡੀਏ ਮਨਜ਼ੂਰਸ਼ੁਦਾ ਪਲਾਂਟਾਂ ਦਾ ਲਗਭਗ 25 ਫੀਸਦੀ ਹਨ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਭਾਰਤੀ ਜੈਨਰਿਕ ਦਵਾਈਆਂ ਨੇ 2022 ਵਿੱਚ ਅਮਰੀਕੀ ਸਿਹਤ ਪ੍ਰਣਾਲੀ ਨੂੰ 219 ਅਰਬ ਡਾਲਰ ਦੀ ਬਚਤ ਕਰਵਾਈ, ਜਦਕਿ 2013 ਤੋਂ 2022 ਦੇ ਦਰਮਿਆਨ ਕੁੱਲ ਬਚਤ 1.3 ਟ੍ਰਿਲੀਅਨ ਡਾਲਰ ਰਹੀ। ਨਵੀਂ ਟੈਰਿਫ ਨੀਤੀ ਕਾਰਨ ਭਾਰਤੀ ਫਾਰਮਾ ਕੰਪਨੀਆਂ ਨੂੰ ਅਮਰੀਕੀ ਬਾਜ਼ਾਰ ਵਿੱਚ ਆਪਣੀ ਰਣਨੀਤੀ ਮੁੜ ਤੈਅ ਕਰਨੀ ਪੈ ਸਕਦੀ ਹੈ।
