ਕਾਕਰੋਚ ਜਨਤਾ ਪਾਰਟੀ ਮਾਮਲੇ ‘ਚ Supreme Court ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਕਾਕਰੋਚ ਜਨਤਾ ਪਾਰਟੀ ਮਾਮਲੇ 'ਚ...
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਦੇ ਸੰਸਦ ਚੱਲੋ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਦਿੱਲੀ ਪੁਲਿਸ ਦੀ ਕਾਰਵਾਈ ਖ਼ਿਲਾਫ਼ ਦਾਇਰ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਵਿਦਿਆਰਥੀਆਂ ਨਾਲ ਕਥਿਤ ਬਰਬਰਤਾ ਕਰਨ ਦੇ ਦੋਸ਼ ਲਗਾਏ ਸਨ।
ਭਾਰਤ ਦੇ ਮੁੱਖ ਨਿਆਂਧੀਸ਼ (ਸੀਜੇਆਈ) ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਪਟੀਸ਼ਨਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਵਿਦਿਆਰਥੀ ਨੀਟ ਪ੍ਰੀਖਿਆ ਦੇ ਪਾਰਦਰਸ਼ੀ ਸੰਚਾਲਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵਿੱਚ ਸੁਧਾਰ ਵਰਗੇ ਮਹੱਤਵਪੂਰਨ ਮੁੱਦੇ ਉਠਾ ਰਹੇ ਹਨ, ਇਸ ਲਈ ਮਾਮਲੇ ਦੀ ਫੌਰੀ ਸੁਣਵਾਈ ਕੀਤੀ ਜਾਵੇ। ਇਸ ‘ਤੇ ਸੀਜੇਆਈ ਸੂਰਿਆ ਕਾਂਤ ਨੇ ਵਕੀਲ ਨੂੰ ਰੋਕਦਿਆਂ ਕਿਹਾ, “ਥੈਂਕ ਯੂ ਵੇਰੀ ਮੱਚ।” ਜਦੋਂ ਵਕੀਲ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਦੀ ਕਥਿਤ ਬਰਬਰਤਾ ਦਰਸਾਉਣ ਵਾਲੀਆਂ ਕਈ ਵੀਡੀਓਜ਼ ਮੌਜੂਦ ਹਨ, ਤਾਂ ਸੀਜੇਆਈ ਨੇ ਕਿਹਾ, “ਸਾਨੂੰ ਵੀਡੀਓਜ਼ ਵਿੱਚ ਦਿਲਚਸਪੀ ਨਹੀਂ ਹੈ, ਸਾਡੇ ਕੋਲ ਉਹ ਦੇਖਣ ਲਈ ਸਮਾਂ ਨਹੀਂ ਹੈ।”
ਦਿੱਲੀ ਹਾਈ ਕੋਰਟ ਨੇ ਵੀ ਤੁਰੰਤ ਸੁਣਵਾਈ ਤੋਂ ਇਨਕਾਰ ਕੀਤਾ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਹੀ ਮਾਮਲਾ ਦਿੱਲੀ ਹਾਈ ਕੋਰਟ ਵਿੱਚ ਵੀ ਪਹੁੰਚਿਆ ਸੀ। ਹਾਈ ਕੋਰਟ ਨੇ ਵੀ ਤੁਰੰਤ ਸੁਣਵਾਈ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ “ਇਸ ਮਾਮਲੇ ਵਿੱਚ ਅਦਾਲਤ ਨੂੰ ਨਾ ਘਸੀਟਿਆ ਜਾਵੇ।” ਇਹ ਪ੍ਰਦਰਸ਼ਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਅਤੇ ਨੀਟ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ।
