23 ਦਿਨਾਂ ਬਾਅਦ AISA ਆਗੂਆਂ ਨੇ ਜੰਤਰ-ਮੰਤਰ ‘ਤੇ ਭੁੱਖ ਹੜਤਾਲ ਖਤਮ ਕੀਤੀ

23 ਦਿਨਾਂ ਬਾਅਦ AISA ਆਗੂਆਂ ਨੇ ...
ਨਵੀਂ ਦਿੱਲੀ, 20 ਜੁਲਾਈ: ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਪਿਛਲੇ 23 ਦਿਨਾਂ ਤੋਂ ਜੰਤਰ-ਮੰਤਰ ‘ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ‘ਤੇ ਬੈਠੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਵਿਦਿਆਰਥੀ ਆਗੂ ਨੇਹਾ, ਮਨੀਸ਼ ਅਤੇ ਆਮੀਨ ਨੇ ਸੋਮਵਾਰ ਨੂੰ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ। ਇਹ ਫ਼ੈਸਲਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ, ਸਮਾਜਿਕ ਕਾਰਕੁਨਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਇੱਕ ਵਫ਼ਦ ਦੀ ਅਪੀਲ ਤੋਂ ਬਾਅਦ ਲਿਆ ਗਿਆ। AISA ਨੇ ਦੱਸਿਆ ਕਿ ਭੁੱਖ ਹੜਤਾਲ ਖਤਮ ਕਰਨ ਦੇ ਨਾਲ ਹੀ ਸੰਗਠਨ ਨੇ ਸਿੱਖਿਆ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਇੱਕ ਮਹੀਨੇ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਸੰਗਠਨ ਮੁਤਾਬਕ, ਮੁਹਿੰਮ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ, ਨੈਸ਼ਨਲ ਟੈਸਟਿੰਗ ਏਜੰਸੀ (NTA) ਅਤੇ ਨਵੀਂ ਸਿੱਖਿਆ ਨੀਤੀ (NEP) 2020 ਦੇ ਵਿਰੋਧ ਵਿੱਚ ਦੇਸ਼-ਪੱਧਰੀ ਪ੍ਰਚਾਰ ਕੀਤਾ ਜਾਵੇਗਾ। ਭੁੱਖ ਹੜਤਾਲ ਸਮਾਪਤ ਕਰਵਾਉਣ ਲਈ ਪਹੁੰਚੇ ਵਫ਼ਦ ਵਿੱਚ ਰਾਜ ਸਭਾ ਮੈਂਬਰ ਮਨੋਜ ਝਾਅ, ਸੰਸਦ ਮੈਂਬਰ ਰਾਜਾਰਾਮ ਸਿੰਘ ਅਤੇ ਅਮਰਾ ਰਾਮ, ਸਮਾਜਿਕ ਕਾਰਕੁਨ ਯੋਗਿੰਦਰ ਯਾਦਵ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ ਅਤੇ ਅਦਾਕਾਰ ਪ੍ਰਕਾਸ਼ ਰਾਜ ਤੇ ਸ਼ਬਾਨਾ ਆਜ਼ਮੀ ਸ਼ਾਮਲ ਸਨ।
ਇਸ ਮੌਕੇ ਯੋਗਿੰਦਰ ਯਾਦਵ ਨੇ ਕਿਹਾ ਕਿ ਇਹ ਭੁੱਖ ਹੜਤਾਲ ਦਾ ਅੰਤ ਨਹੀਂ, ਸਗੋਂ ਸੰਘਰਸ਼ ਦੇ ਇਸ ਪੜਾਅ ਦੀ ਸਮਾਪਤੀ ਹੈ। ਮਨੋਜ ਝਾਅ ਨੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਸ ਨਾਲ ਸਰਕਾਰ ਕਈ ਮੋਰਚਿਆਂ ‘ਤੇ ਬੇਨਕਾਬ ਹੋਈ ਹੈ। ਸ਼ਬਾਨਾ ਆਜ਼ਮੀ ਨੇ ਨੌਜਵਾਨਾਂ ਦੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਵੀਂ ਪੀੜ੍ਹੀ ਲਈ ਇੱਕ ਨਵਾਂ ਰਾਹ ਦਿਖਾਇਆ ਹੈ।
AISA ਨੇ ਦਾਅਵਾ ਕੀਤਾ ਕਿ 23 ਦਿਨਾਂ ਦੀ ਭੁੱਖ ਹੜਤਾਲ ਦੌਰਾਨ ਤਿੰਨਾਂ ਵਿਦਿਆਰਥੀਆਂ ਦਾ ਸਰੀਰਕ ਭਾਰ 12 ਫੀਸਦੀ ਤੋਂ ਵੱਧ ਘੱਟ ਗਿਆ ਅਤੇ ਉਨ੍ਹਾਂ ਨੂੰ ਬਲੱਡ ਸ਼ੂਗਰ ਦੇ ਖਤਰਨਾਕ ਤੌਰ ‘ਤੇ ਘੱਟ ਪੱਧਰ ਅਤੇ ਸਿਹਤ ਨਾਲ ਜੁੜੀਆਂ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜੰਤਰ-ਮੰਤਰ ‘ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ AISA ਕਾਰਕੁਨ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ। ਸੰਗਠਨ ਨੇ ਕਿਹਾ ਕਿ ਸਿੱਖਿਆ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦਾ ਸੰਘਰਸ਼ ਅੱਗੇ ਵੀ ਜਾਰੀ ਰਹੇਗਾ।
