ਬੰਗਾਲ, ਆਸਾਮ ਤੇ ਪੌਡੇਚਰੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਜਬੂਤ ਲੀਡਰਸ਼ਿਪ ‘ਤੇ ਮੋਹਰ ਲਾਈ : ਕਰੁਨ ਕੌੜਾ

ਪਟਿਆਲ਼ਾ 5 ਮਈ (ਰਾਜਿੰਦਰ ਸਿੰਘ ਥਿੰਦ) ਭਾਰਤੀ ਜਨਤਾ ਪਾਰਟੀ ਦੇ ਤੇਜਤਰਾਰ ਆਗੂ ਕਰੁਨ ਕੌੜਾ ਨੇ ਕਿਹਾ ਕਿ ਬੰਗਾਲ, ਅਸਾਮ ਅਤੇ ਪੁਡੂਚੇਰੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜਬੂਤ ਲੀਡਰਸ਼ਿਪ ‘ਤੇ ਮੋਹਰ ਲਾਈ ਹੈ।ਇਸਇਤਿਹਾਸਕ ਜਿੱਤ ਨਾਲ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ। ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਬੰਗਾਲ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਕਰੁਨ ਕੌੜਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਤ੍ਰਿਪੜੀ ਇਲਾਕੇ ਵਿਚ ਬਹਾਵਲਪੁਰ ਸਮਾਜ ਅਤੇ ਇਲਾਕੇ ਦੇ ਨੌਜਵਾਨਾਂ ਨਾਲ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ। ਕਰੁਨ ਕੌੜਾ ਨੇ ਕਿਹਾ ਕਿ ਇਹ ਕੇਵਲ ਰਾਜਨੀਤਕ ਸਫਲਤਾ ਨਹੀਂ ਸਗੋਂ ਦੇਸ਼ ਦੀ ਜਨਤਾ ਵਲੋਂ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ ‘ਤੇ ਲੋਕਾਂ ਦਾ ਵਿਸ਼ਵਾਸ਼ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਤੁਸ਼ਟੀਕਰਨ, ਗੁੰਡਾਗਰਦੀ ਨੂੰ ਹਰਾ ਕੇ ਵਿਸ਼ਵਾਸ਼ ਨੂੰ ਜਿਤਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੀ ਜਨਤਾ ਨੂੰ ਜੋ ਸੁਰੱਖਿਆ ਅਤੇ ਵਿਕਾਸ ਦਾ ਵਿਸ਼ਵਾਸ਼ ਦਿੱਤਾ ਸੀ, ਲੋਕਾਂ ਨੇ ਉਸ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਟ੍ਰੈਕ ਰਿਕਾਰਡ ਸਪਸ਼ਟ ਕਰਦਾ ਹੈ ਕਿ ਭਾਜਪਾ ਜਿਥੇ ਵੀ ਸਰਕਾਰ ਬਣਾਉਂਦੀ ਹੈ, ਉਥੇ ਹੀ ਹਮੇਸ਼ਾ ਜਿੱਤਦੀ ਰਹਿੰਦੀ ਹੈ ਕਿਉਂਕਿ ਪਾਰਟੀ ਲੋਕਾਂ ਨਾਲ ਜੋ ਵਾਅਦੇ ਕਰਦੀ ਹੈ, ਉਨ੍ਹਾਂ ਨੂੰ ਸੱਤਾ ਵਿਚ ਆਉਣ ‘ਤੇ ਪੂਰਾ ਕਰਦੀ ਹੈ ਅਤੇ ਲੋਕਾਂ ਨੂੰ ਸੁਰੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ।
