ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵੱਲੋਂ ਸਵੈ-ਗਿਣਤੀ ਨਾਲ ਪਹਿਲੇ ਪੜਾਅ ਦੌਰਾਨ ਨੇ ਕੀਤੀ ਆਨਲਾਈਨ ਰਜਿਸਟਰੇਸ਼ਨ

ਲੋਕਾਂ ਨੂੰ ਜਨਗਣਨਾ ’ਚ ਸ਼ੁਮਾਰ ਹੋ ਕੇ ਮਰਦਮਸ਼ੁਮਾਰੀ ਨੂੰ ਕਾਮਯਾਬ ਬਣਾਉਣ ਦਾ ਸੱਦਾ
* ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ 14 ਮਈ ਤੱਕ ਆਪਣੀ ਜਾਣਕਾਰੀ ਆਨਲਾਈਨ ਭਰਨ ਦੀ ਅਪੀਲ
* ਕਿਹਾ, ਆਨਲਾਈਨ ਪੋਰਟਲ https://se.census.gov.in ਤੇ ਜ਼ਿਲ੍ਹਾ ਵਾਸੀ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰਕੇ ਕਰਵਾ ਸਕਣਗੇ ਰਜਿਸਟਰੇਸ਼ਨ
* ਜਨਗਣਨਾ-2027 ਤਹਿਤ 15 ਮਈ ਤੋਂ 13 ਜੂਨ ਤੱਕ ਗਿਣਤੀਕਾਰ ਘਰ-ਘਰ ਜਾ ਕੇ ਕਰਨਗੇ ਸਰਵੇਖਣ
ਮਲੇਰਕੋਟਲਾ,1 ਮਈ ( ਮੁਨਸ਼ੀ ਫ਼ਾਰੂਕ ) : ਜਨਗਣਨਾ 2027 ਦਾ ਪਹਿਲਾ ਪੜਾਅ ਸਵੈ-ਗਿਣਤੀ ਸ਼ੁਰੂ ਹੋ ਚੁੱਕੀ ਹੈ ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ se.census.gov.in ਪੋਰਟਲ ‘ਤੇ ਆਪਣੀ ਜਾਣਕਾਰੀ ਭਰ ਕੇ ਜ਼ਿਲ੍ਹੇ ਦੀ ਸਮੂਹ ਅਵਾਮ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਵਿਚ ਗਿਣਤੀਕਾਰਾਂ ਨਾਲ ਪੂਰਾ ਸਹਿਯੋਗ ਕਰਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰਹੇਗੀ। ਉਨ੍ਹਾਂ ਹੋਰ ਕਿਹਾ ਕਿ ਇਹ ਆਜ਼ਾਦੀ ਤੋਂ ਬਾਅਦ ਭਾਰਤ ਦੀ 8ਵੀਂ ਜਨਗਣਨਾ ਹੈ ਅਤੇ ਪਹਿਲੀ ਵਾਰ ਪੂਰੀ ਤਰ੍ਹਾਂ ਡਿਜ਼ਿਟਲ ਢੰਗ ਨਾਲ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਜਨਗਣਨਾ 2011 ਵਿੱਚ ਹੋਈ ਸੀ ।
ਉਨ੍ਹਾਂ ਕਿਹਾ ਕਿ ਜਨਗਣਨਾ ਸਰਕਾਰ ਦੀਆਂ ਸਮਾਜਿਕ ਅਤੇ ਆਰਥਿਕ ਨੀਤੀਆਂ ਤਿਆਰ ਕਰਨ ਦੀ ਬੁਨਿਆਦ ਹੁੰਦੀ ਹੈ, ਇਸ ਲਈ ਸਾਨੂੰ ਸਹੀ ਅਤੇ ਸਟੀਕ ਜਾਣਕਾਰੀ ਦੇ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਚਾਹੀਦਾ ਹੈ
ਉਨ੍ਹਾਂ ਦੱਸਿਆ ਕਿ ਜਨਗਣਨਾ ਲਈ ਟੋਲ-ਫ਼ਰੀ ਹੈਲਪਲਾਈਨ ਨੰਬਰ 1855 ਵੀ ਚਾਲੂ ਕੀਤਾ ਗਿਆ ਹੈ। ਪਹਿਲੇ ਪੜਾਅ ਹੇਠ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਗਿਣਤੀ ਕੀਤੀ ਜਾਵੇਗੀ। 15 ਮਈ ਤੋਂ 13 ਜੂਨ ਤੱਕ ਗਿਣਤੀ ਕਰਨ ਵਾਲੇ ਕਰਮਚਾਰੀ (ਗਿਣਤੀਕਾਰ) ਹਰ ਘਰ ਦਾ ਦੌਰਾ ਕਰਕੇ 33 ਸਵਾਲ ਪੁੱਛਣਗੇ। ਜਿਨ੍ਹਾਂ ਲੋਕਾਂ ਨੇ ਸਵੈ-ਗਿਣਤੀ ਕਰ ਲਈ ਹੋਵੇਗੀ, ਉਹਨਾਂ ਤੋਂ ਸਿਰਫ਼ ਸਵੈ-ਗਿਣਤੀ ਨੰਬਰ ਲਿਆ ਜਾਵੇਗਾ ਅਤੇ ਕਰਮਚਾਰੀ ਉਸ ਜਾਣਕਾਰੀ ਦੀ ਪੁਸ਼ਟੀ ਕਰਕੇ ਪ੍ਰਕਿਰਿਆ ਪੂਰੀ ਕਰਨਗੇ। ਉਨ੍ਹਾਂ ਲੋਕਾਂ ਨੂੰ ਸਾਇਬਰ ਠੱਗਾਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ। ਜਨਗਣਨਾ ਦੌਰਾਨ ਕੋਈ ਵੀ ਵਿਅਕਤੀ ਆਧਾਰ, ਪੈਨ ਕਾਰਡ, ਡ੍ਰਾਈਵਿੰਗ ਲਾਇਸੈਂਸ, ਬੈਂਕ ਵੇਰਵੇ ਜਾਂ ਓ.ਟੀ.ਪੀ ਨਹੀਂ ਮੰਗੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਚੇਤ ਰਹਿ ਕੇ ਡਿਜ਼ਿਟਲ ਧੋਖਾਧੜੀ ਤੋਂ ਬਚਣ। ਇਸ ਮੌਕੇ ਜਨਗਣਨਾ ਵਿਭਾਗ ਪੰਜਾਬ ਚੰਡੀਗੜ੍ਹ ਤੋਂ ਵਿਵੇਕ ਸਿੰਘ, ਸੰਦੀਪ ਸਿੰਘ,ਲਵਿਸ ਬਾਂਸਲ,ਟੈਕਨੀਕਲ ਅਸਿਸਟੈਂਟ ਦਵਿੰਦਰ ਸਿੰਘ ,ਜ਼ਿਲਾ ਕੁਆਰਡੀਨੇਟਰ ਮਾਲੇਰਕੋਟਲਾ ਮਨਪ੍ਰੀਤ ਕੌਰ ਵੀ ਮੌਜੂਦ ਸਨ ।ਨਾਗਰਿਕਾਂ ਨੂੰ ਅਧਿਕਾਰਿਕ ਜਨਗਣਨਾ ਪੋਰਟਲ https://se.census.gov.in ‘ਤੇ ਜਾਣਾ ਹੋਵੇਗਾ, ਆਪਣੀ ਭਾਸ਼ਾ ਚੁਣਨੀ ਹੋਵੇਗੀ ਅਤੇ ਮੋਬਾਈਲ ਨੰਬਰ ਅਤੇ ਬੁਨਿਆਦੀ ਵੇਰਵਿਆਂ ਨਾਲ ਲਾਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਦਿੱਤੇ ਗਏ ਪ੍ਰਸ਼ਨਾਂ ਅਨੁਸਾਰ ਜਾਣਕਾਰੀ ਭਰ ਸਕਦੇ ਹਨ। ਸਫਲ ਜਮ੍ਹਾਂ ਹੋਣ ‘ਤੇ ‘ਸੈਲਫ਼-ਇਨਿਊਮਰੇਸ਼ਨ ਆਈ.ਡੀ.’ (SE ID) ਜਾਰੀ ਹੋਵੇਗੀ। ਜਦੋਂ ਗਿਣਤੀ ਕਰਨ ਵਾਲਾ ਕਰਮਚਾਰੀ ਘਰ ਆਵੇਗਾ, ਤਾਂ ਸਿਰਫ਼ ਇਹ ਆਈ.ਡੀ. ਦਿਖਾਉਣੀ ਹੋਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।
ਇਸ ਪ੍ਰਕਿਰਿਆ ਹੇਠ ਕੁੱਲ 33 ਪ੍ਰਸ਼ਨ ਪੁੱਛੇ ਜਾਣਗੇ, ਜੋ ਮੁੱਖ ਤੌਰ ‘ਤੇ ਮਕਾਨ ਦੀ ਹਾਲਤ (ਕੱਚਾ/ਪੱਕਾ), ਬੁਨਿਆਦੀ ਸਹੂਲਤਾਂ (ਪਾਣੀ, ਬਿਜਲੀ, ਸਫਾਈ ਆਦਿ) ਅਤੇ ਘਰ ਵਿੱਚ ਮੌਜੂਦ ਸੰਪਤੀਆਂ ਨਾਲ ਸੰਬੰਧਿਤ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਿਣਤੀ ਵਿੱਚ ਸਰਗਰਮ ਹਿੱਸਾ ਲੈਣ ਦੀ ਅਪੀਲ ਕੀਤੀ।
