ਹੁਣ ਘਰ ਬੈਠੇ ਮੋਬਾਈਲ ਰਾਹੀਂ ਹੋਵੇਗੀ ਮਰਦਮਸ਼ੁਮਾਰੀ,

ਮੋਰਿੰਡਾ 30 ਅਪ੍ਰੈਲ (ਮਜ਼ੀਦ ਖਾਨ)-ਜ਼ਿਲ੍ਹਾ ਰੂਪਨਗਰ ਵਿੱਚ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਅਤੇ ਹਾਈ-ਟੈਕ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਕਦਮ ਚੁੱਕੇ ਗਏ ਹਨ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਨਿਵਾਸੀਆਂ ਨਾਲ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਨਾਗਰਿਕਾਂ ਨੂੰ ‘ਸੈਲਫ ਐਨੂਮਰੇਸ਼ਨ’ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਤਹਿਤ ਹੁਣ ਪਰਿਵਾਰ ਦੇ ਮੁਖੀ ਆਪਣੇ ਮੋਬਾਈਲ ਫ਼ੋਨ ਰਾਹੀਂ ਵੈੱਬਸਾਈਟ ‘ਤੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖ਼ੁਦ ਅਪਲੋਡ ਕਰ ਸਕਦੇ ਹਨ। ਇਸ ਡਿਜੀਟਲ ਵਿਧੀ ਰਾਹੀਂ ਕੇਵਲ 5 ਮਿੰਟ ਦਾ ਸਮਾਂ ਲੱਗਦਾ ਹੈ ਜਿਸ ਨਾਲ ਜਿੱਥੇ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ, ਉੱਥੇ ਹੀ ਫੀਲਡ ਵਿੱਚ ਕੰਮ ਕਰਨ ਵਾਲੀ ਮਰਦਮਸ਼ੁਮਾਰੀ ਟੀਮ ਦਾ ਕੰਮ ਵੀ ਤੇਜ਼ ਅਤੇ ਸੌਖਾ ਹੋ ਜਾਵੇਗਾ। ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਦਿਆਂ ਉਨ੍ਹਾਂ ਕਿਹਾ ਕਿ ਆਨਲਾਈਨ ਜਾਣਕਾਰੀ ਭਰਨ ਤੋਂ ਬਾਅਦ ਸਿਸਟਮ ਵੱਲੋਂ ਇੱਕ ‘ਸੈਲਫ ਐਨੂਮਰੇਸ਼ਨ ਆਈ.ਡੀ.’ ਜਨਰੇਟ ਕੀਤੀ ਜਾਵੇਗੀ ਜੋ ਕਿ ਨਾਗਰਿਕਾਂ ਨੂੰ ਸੰਭਾਲ ਕੇ ਰੱਖਣੀ ਹੋਵੇਗੀ ਤਾਂ ਜੋ ਜਦੋਂ ਮਰਦਮਸ਼ੁਮਾਰੀ ਵਿਭਾਗ ਦੀ ਟੀਮ ਘਰ-ਘਰ ਦੌਰੇ ‘ਤੇ ਆਵੇ, ਤਾਂ ਪਰਿਵਾਰ ਵੱਲੋਂ ਇਹ ਆਈ.ਡੀ. ਦਿਖਾਉਣ ‘ਤੇ ਉਨ੍ਹਾਂ ਦਾ ਡਾਟਾ ਤੁਰੰਤ ਤਸਦੀਕ ਕੀਤਾ ਜਾ ਸਕੇ। ਇਹ ਡਿਜੀਟਲ ਪ੍ਰਕਿਰਿਆ 30 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀ ਇਸ ਅਹਿਮ ਅਤੇ ਆਧੁਨਿਕ ਪਹਿਲਕਦਮੀ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਡਿਜੀਟਲ ਮਾਧਿਅਮ ਰਾਹੀਂ ਆਪਣੀ ਜਾਣਕਾਰੀ ਦਰਜ ਕਰਵਾਉਣ।
