‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਐਫ.ਬੀ.ਆਈ. ਨੇ ਨਸ਼ਾ ਤਸਕਰੀ ਮਾਮਲੇ ’ਚ ਭਾਰਤੀ ਗ੍ਰਿਫ਼ਤਾਰ

‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਐਫ.ਬੀ.ਆਈ...
ਵਾਸ਼ਿੰਗਟਨ : ਅਮਰੀਕੀ ਜਾਂਚ ਏਜੰਸੀ ਐੱਫਬੀਆਈ (FBI) ਨੇ ਕੈਨੇਡਾ ਆਧਾਰਿਤ ਰਵਿੰਦਰ ਢੰਡਾ ਗੈਂਗ ਲਈ ਕਥਿਤ ਤੌਰ ‘ਤੇ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ ਹੇਠ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਫਬੀਆਈ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਸਿੰਘ ਨੂੰ ਮੰਗਲਵਾਰ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਧਿਕਾਰੀਆਂ ਵੱਲੋਂ ਸਟਾਕਟਨ (ਕੈਲੀਫੋਰਨੀਆ) ਵਿੱਚ ਕਾਬੂ ਕੀਤਾ ਗਿਆ।
ਐੱਫਬੀਆਈ ਮੁਤਾਬਕ, ਇਹ ਗ੍ਰਿਫ਼ਤਾਰੀ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਕੀਤੀ ਗਈ ਹੈ, ਜੋ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਢੰਡਾ ਨਾਲ ਜੁੜੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਵਿਰੁੱਧ ਅਮਰੀਕਾ, ਕੈਨੇਡਾ ਅਤੇ ਯੂਰਪੀ ਏਜੰਸੀਆਂ ਦੀ ਸਾਂਝੀ ਕਾਰਵਾਈ ਹੈ।
ਜਾਂਚ ਏਜੰਸੀ ਦੇ ਅਨੁਸਾਰ, ਹਰਮਨਵੀਰ ਸਿੰਘ ‘ਤੇ ਕੰਟਰੋਲਡ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ, ਵੰਡਣ ਦੇ ਇਰਾਦੇ ਨਾਲ ਆਪਣੇ ਕਬਜ਼ੇ ਵਿੱਚ ਰੱਖਣ ਅਤੇ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਨਿਰਯਾਤ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਐੱਫਬੀਆਈ ਦਾ ਦਾਅਵਾ ਹੈ ਕਿ ਰਵਿੰਦਰ ਢੰਡਾ ਦਾ ਸੰਗਠਿਤ ਅਪਰਾਧਿਕ ਗਿਰੋਹ ਵੈਨਕੂਵਰ (ਕੈਨੇਡਾ) ਤੋਂ ਕੰਮ ਕਰਦਾ ਹੈ ਅਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਵੱਡੇ ਪੱਧਰ ‘ਤੇ ਤਸਕਰੀ ਕਰਦਾ ਰਿਹਾ ਹੈ।
ਐੱਫਬੀਆਈ ਨੇ ਦੱਸਿਆ ਕਿ 23 ਜੂਨ 2026 ਨੂੰ ਕੈਲੀਫੋਰਨੀਆ ਦੇ ਲਾਸ ਏਂਜਲਸ ਸਥਿਤ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਵੱਲੋਂ ਹਰਮਨਵੀਰ ਸਿੰਘ ਖ਼ਿਲਾਫ਼ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਵੰਡ ਅਤੇ ਨਿਰਯਾਤ ਦੀ ਸਾਜ਼ਿਸ਼ ਸਮੇਤ ਕਈ ਗੰਭੀਰ ਸੰਘੀ ਦੋਸ਼ ਲਗਾਏ ਗਏ ਹਨ।
