ਦਿਲਜੀਤ ਦੋਸਾਂਝ ਨੇ ਅਮਰੀਕਾ ‘ਚ ਸ਼ੋਅ ਦੌਰਾਨ ਖ਼ਾਲਿਸਤਾਨੀਆਂ ਨੂੰ ਭਜਾਇਆ

ਮੂਸੇਵਾਲਾ ਸਟਾਈਲ ‘ਚ ਮਾਰੀ ਥਾਪੀ, ਕਿਹਾ, ਭੱਜ ਜਾਓ ਨਹੀਂ ਤਾਂ ਚੁੱਕ ਕੇ ਬਾਾਹਰ ਮਾਰਾਂਗਾ
ਕੈਲਗਰੀ, 2 ਮਈ (ਨਿਊਜ਼ ਟਾਊਨ ਨੈਟਵਰਕ) : ਪੰਜਾਬੀ ਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਆਪਣੇ ਔਰਾ ਵਰਲਡ ਟੂਰ ਦੌਰਾਨ ਅਮਰੀਕਾ ਦੇ ਕੈਲਗਰੀ ਵਿੱਚ ਇੱਕ ਸ਼ੋਅ ਦੌਰਾਨ ਖਾਲਿਸਤਾਨੀਆਂ ‘ਤੇ ਭੜਕ ਪਏ। ਦਿਲਜੀਤ ਨੇ ਪੋਸਟਰ ਦਿਖਾ ਰਹੇ ਖਾਲਿਸਤਾਨੀਆਂ ਨੂੰ ਸਟੇਜ ਤੋਂ ਹੀ ਜਵਾਬ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਦਿਲਜੀਤ ਆਪਣੇ ਕਿਸੇ ਸ਼ੋਅ ‘ਤੇ ਇੰਨਾ ਗੁੱਸਾ ਵਿਚ ਨਜ਼ਰ ਆਏ। ਸਿੱਧੂ ਮੂਸੇਵਾਲਾ ਸਟਾਈਲ ਵਿੱਚ ਦਿਲਜੀਤ ਨੇ ਅਪਣੇ ਪੱਟ ਨੂੰ ਥਾਪਿਆ ਤੇ ਕਿਹਾ, “ਜੋ ਵੀ ਆਉਣਾ ਚਾਹੁੰਦਾ ਹੈ, ਮੈਦਾਨ ‘ਚ ਆ ਜਾਵੇ। ਮੈਂ ਚੁੱਕ ਕੇ ਬਾਹਰ ਸੁੱਟ ਦਿਆਂਗਾ।” ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਵਾਲਿਆਂ ਨੇ ਪੰਜਾਬ ਲਈ ਕੀ ਕੀਤਾ ਹੈ? ਇਹ ਸਾਡਾ ਕੰਮ ਨਹੀਂ ਸੀ, ਫਿਰ ਵੀ ਅਸੀਂ ਪੰਜਾਬ ਦੇ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੇ ਘਰ ਬਣਾਏ।” ਇੱਕ ਸ਼ੋਅ ਦਾ ਨਾਮ ਲਏ ਬਿਨਾਂ ਦਿਲਜੀਤ ਨੇ ਕਿਹਾ, “ਸਾਡੇ ਲੋਕਾਂ ਦੀਆਂ ਆਵਾਜ਼ਾਂ ਰਾਸ਼ਟਰੀ ਮੀਡੀਆ ਤੱਕ ਨਹੀਂ ਪਹੁੰਚੀਆਂ ਸਨ। ਇਸੇ ਲਈ ਉਹ ਇਕ ਖ਼ਾਸ ਸ਼ੋਅ ਵਿੱਚ ਗਏ ਸਨ, ਉੱਥੇ ਜਾ ਕੇ ਮੇਂ ਅਪਣਾ ਜਾਂ ਅਪਣੀ ਫਿਲਮ ਦਾ ਪ੍ਰਚਾਰ ਨਹੀਂ ਕੀਤਾ, ਸਗੋਂ ਪੰਜਾਬ ਦੀ ਭਲਾਈ ਲਈ ਫੰਡ ਇਕੱਠੇ ਕੀਤੇ।” ਇਹ ਧਿਆਨ ਦੇਣ ਯੋਗ ਹੈ ਕਿ ਦਿਲਜੀਤ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਦਿਲਜੀਤ ਨੇ ਜਿੰਮੀ ਦੇ ਸ਼ੋਅ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ, “ਮੈਨੂੰ ਜਿੰਮੀ ਦੇ ਸ਼ੋਅ ਵਿੱਚ ਜਾਣ ਦੀ ਕੀ ਲੋੜ ਸੀ? ਮੈਂ ਉੱਥੇ ਵੀ ਪੰਜਾਬ ਬਾਰੇ ਗੱਲ ਕੀਤੀ। ਮੈਂ ਕਾਮਾਗਾਟਾਮਾਰੂ ਘਟਨਾ ਦਾ ਜ਼ਿਕਰ ਕੀਤਾ।” ਦਿਲਜੀਤ ਨੇ ਕਿਹਾ ਕਿ ਜੇਕਰ ਕੋਈ ਰਾਜਨੀਤਿਕ ਕਾਰਨਾਂ ਕਰਕੇ ਉਸਦਾ ਵਿਰੋਧ ਕਰ ਰਿਹਾ ਹੈ ਤਾਂ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਦੌਰਾਨ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਐਕਸ ਹੈਂਡਲ ‘ਤੇ ਪੋਸਟ ਕੀਤਾ, “ਦਿਲਜੀਤ ਦੋਸਾਂਝ, ਮੈਂ ਤੁਹਾਨੂੰ ਕਈ ਸਾਲ ਪਹਿਲਾਂ ਚੇਤਾਵਨੀ ਦਿੱਤੀ ਸੀ। ਇਨ੍ਹਾਂ ਖਾਲਿਸਤਾਨੀ ਲੋਕਾਂ ਦੀ ਫਿਤਰਤ ਕਦੇ ਨਹੀਂ ਬਦਲਦੀ। ਇਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ, ਇਨ੍ਹਾਂ ਲਈ ਸਭ ਕੁਝ ਸਿਰਫ਼ ਪੈਸੇ ਦੀ ਖੇਡ ਹੈ। ਇਨ੍ਹਾਂ ਨੇ ਸੰਗੀਤ ਅਤੇ ਫਿਲਮ ਉਦਯੋਗਾਂ ਨੂੰ ਲਗਾਤਾਰ ਨੁਕਸਾਨ ਪਹੁੰਚਾਇਆ ਹੈ, ਭਾਵੇਂ ਉਹ ਵਰਿੰਦਰ ਦਾ ਕਤਲ ਹੋਵੇ, ਗੁਰਦਾਸ ਮਾਨ ਦੀ ਦਿੱਖ ਨੂੰ ਖਰਾਬ ਕਰਨਾ ਹੋਵੇ ਅਤੇ ਹੁਣ ਤੁਹਾਨੂੰ ਨਿਸ਼ਾਨਾ ਬਣਾਉਣਾ ਹੋਵੇ। ਪਰ ਕੁਝ ਗੱਲਾਂ ਸਿਰਫ਼ ਉਦੋਂ ਹੀ ਸਮਝ ਆਉਂਦੀਆਂ ਹਨ ਜਦੋਂ ਉਨ੍ਹਾਂ ਨੂੰ ਖੁਦ ਅਨੁਭਵ ਕੀਤਾ ਜਾਂਦਾ ਹੈ।”
