ਬਿਜ਼ਨਸ ਸਟੱਡੀਜ਼ ਵਿਭਾਗ ਨੇ ਟੈਲੀ ਪ੍ਰਾਈਮ ਫਾਰ ਅਕਾਊਂਟਿੰਗ ਵਿਸ਼ੇ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ

ਤਲਵੰਡੀ ਸਾਬੋ, 04 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਟੈਲੀ ਪ੍ਰਾਈਮ ਫਾਰ ਅਕਾਊਂਟਿੰਗ ਤੇ ਇੱਕ ਦਿਨਾ ਵਿਦਿਆਰਥੀ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਵਿਭਾਗ ਦੇ ਬੀ.ਕਾਮ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਡਾ. ਅਮਨਦੀਪ ਕੌਰ ਵੱਲੋਂ ਆਈ.ਸੀ.ਏ. ਐਜੂ ਸਕਿੱਲਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਈ-ਅਕਾਊਂਟਿੰਗ ਹੁਨਰਾਂ ਨੂੰ ਉਦਯੋਗ ਲਈ ਤਿਆਰ ਕਰਨ ਲਈ ਆਯੋਜਿਤ ਕੀਤਾ ਗਿਆ ਜਿਸ ਵਿੱਚ ਆਈ.ਸੀ.ਏ. ਦੀ ਫੈਕਲਟੀ ਸ਼੍ਰੀਮਤੀ ਨੀਰੂ ਜਿੰਦਲ ਅਤੇ ਆਈ.ਸੀ.ਏ. ਦੇ ਸੈਂਟਰ ਡਾਇਰੈਕਟਰ ਸ਼੍ਰੀ ਮੋਨੂੰ ਜਿੰਦਲ ਦੁਆਰਾ ਸਿਖਲਾਈ ਦਿੱਤੀ ਗਈ। ਉਨ੍ਹਾਂ ਨੇ ਈ-ਅਕਾਊਂਟਿੰਗ ਅਭਿਆਸਾਂ ਦੀ ਸਿਖਲਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਹੁਨਰਮੰਦ ਲੇਖਾ ਪੇਸ਼ੇਵਰਾਂ ਦੀ ਘਾਟ ਬਾਰੇ ਬੋਲਦਿਆਂ ਦੱਸਿਆ ਕਿ ਲੇਖਾ ਸਾਫਟਵੇਅਰ ਸਿੱਖਣਾ ਅਤੇ ਕੰਮ ਕਰਨਾ ਇੱਕ ਫੁਲ ਟਾਈਮ ਜਾਂ ਫਿਰ ਪਾਰਟ ਟਾਈਮ ਪੇਸ਼ਾ ਵੀ ਹੋ ਸਕਦਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਨ। ਬੁਲਾਰਿਆਂ ਨੇ ਇੱਕ ਵਿਲੱਖਣ ਸੰਕਲਪ ‘ਤੇ ਇਸ ਵਰਕਸ਼ਾਪ ਦੇ ਆਯੋਜਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਡਾ. ਅਮਨਦੀਪ ਕੌਰ ਨੇ ਬੁਲਾਰਿਆਂ ਅਤੇ ਵਰਕਸ਼ਾਪ ਦੇ ਉਦੇਸ਼ ਦੀ ਜਾਣ-ਪਛਾਣ ਕਰਵਾਈ ਅਤੇ ਵਿਭਾਗ ਦੇ ਮੁਖੀ ਡਾ. ਨਰਿੰਦਰ ਕੌਰ ਨੇ ਰਸਮੀ ਸਵਾਗਤੀ ਭਾਸ਼ਣ ਦੌਰਾਨ ਕਾਮਰਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਨਾਲ ਪੇਸ਼ੇਵਰ ਅਭਿਆਸਾਂ ਦੀ ਸਿਖਲਾਈ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਵਿਭਾਗ ਵਿੱਚ ਅਜਿਹੇ ਹੋਰ ਵਿਦਿਆਰਥੀ ਮੁਖੀ ਪ੍ਰੋਗਰਾਮਾਂ ਨੂੰ ਯਕੀਨੀ ਬਨਾਉਣ ਦਾ ਅਹਿਦ ਲਿਆ।
