ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਮੌਕੇ ਯਾਦਗਾਰ ਸਮਾਗਮ

0

ਪਟਿਆਲ਼ਾ 4ਮਈ (ਰਾਜਿੰਦਰ ਸਿੰਘ ਥਿੰਦ)ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਦੇ ਮੌਕੇ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ, ਪਟਿਆਲਾ ਵੱਲੋਂ ਪਰਭਾਤ ਪਰਵਾਨਾ ਹਾਲ ਵਿੱਚ ਦੂਜਾ ਭਾਸ਼ਣ ਮੁਕਾਬਲਾ, ਵਿਸ਼ੇਸ਼ ਸੈਮੀਨਾਰ ਅਤੇ ਦਸਵਾਂ ਸਨਮਾਨ ਸਮਾਰੋਹ ਬੜੀ ਸ਼ਾਨੋ-ਸ਼ੌਕਤ ਅਤੇ ਗੰਭੀਰਤਾ ਨਾਲ ਆਯੋਜਿਤ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਭਾਸ਼ਣ ਮੁਕਾਬਲੇ ਨਾਲ ਹੋਈ, ਜਿਸ ਵਿੱਚ 32 ਸਕੂਲਾਂ ਦੇ ਵਿਦਿਆਰਥੀਆਂ ਨੇ ਜੋਸ਼, ਆਤਮਵਿਸ਼ਵਾਸ ਅਤੇ ਤਰਕਸੰਗਤ ਸੋਚ ਨਾਲ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। “ਆਧੁਨਿਕ ਪੱਤਰਕਾਰੀ: ਚੁਣੌਤੀਆਂ ਅਤੇ ਜ਼ਿੰਮੇਵਾਰੀਆਂ”, “ਪ੍ਰੈੱਸ ਦੀ ਆਜ਼ਾਦੀ ਦਾ ਮਹੱਤਵ”, “ਪੱਤਰਕਾਰੀ ਅਤੇ ਨੈਤਿਕਤਾ” ਅਤੇ “ਪੱਤਰਕਾਰੀ: ਲੋਕਤੰਤਰ ਦਾ ਚੌਥਾ ਸਤੰਭ” ਵਰਗੇ ਵਿਸ਼ਿਆਂ ’ਤੇ ਵਿਦਿਆਰਥੀਆਂ ਦੇ ਪ੍ਰਭਾਵਸ਼ਾਲੀ ਵਿਚਾਰਾਂ ਨੇ ਹਾਜ਼ਰੀਨ ਨੂੰ ਮੋਹ ਲਿਆ।

ਭਾਸ਼ਣ ਮੁਕਾਬਲੇ ਦੇ ਨਤੀਜਿਆਂ ਅਨੁਸਾਰ ਪ੍ਰਾਈਵੇਟ ਸਕੂਲ ਵਰਗ ਵਿੱਚ ਸਨੇਹਾ ਨੇ ਪਹਿਲਾ, ਸਿਮਰਨ ਨੇ ਦੂਜਾ ਅਤੇ ਅਵਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਸਰਕਾਰੀ ਸਕੂਲ ਵਰਗ ਵਿੱਚ ਮੁਸਕਾਨ ਨੇ ਪਹਿਲਾ, ਮਨਿੰਦਰਜੀਤ ਸਿੰਘ ਨੇ ਦੂਜਾ ਅਤੇ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟਰੱਸਟ ਵੱਲੋਂ ਹਰ ਭਾਗੀਦਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਖ਼ਾਸ ਤੌਰ ’ਤੇ ਉਤਸ਼ਾਹਿਤ ਕੀਤਾ ਗਿਆ।

ਸਮਾਗਮ ਦੇ ਦੂਜੇ ਸੈਸ਼ਨ ਵਿੱਚ “ਆਧੁਨਿਕ ਪੱਤਰਕਾਰੀ: ਚੁਣੌਤੀਆਂ ਅਤੇ ਜ਼ਿੰਮੇਵਾਰੀਆਂ” ਵਿਸ਼ੇ ’ਤੇ ਆਯੋਜਿਤ ਸੈਮੀਨਾਰ ਦੌਰਾਨ ਟਰੱਸਟ ਪ੍ਰਧਾਨ ਅਕਸ਼ੈ ਖਨੌਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਸਿਰਫ਼ ਇੱਕ ਦਿਨ ਦੀ ਯਾਦ ਨਹੀਂ, ਸਗੋਂ ਪੱਤਰਕਾਰੀ ਦੀ ਅਸਲ ਰੂਹ ਅਤੇ ਜ਼ਿੰਮੇਵਾਰੀ ਨੂੰ ਸਮਝਣ ਦਾ ਅਹਿਮ ਮੌਕਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਵਿੱਚ ਜਾਗਰੂਕਤਾ ਅਤੇ ਸੱਚੀ ਪੱਤਰਕਾਰੀ ਦੇ ਅਸੂਲਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਟਰੱਸਟ ਵੱਲੋਂ ਅਗਲੇ ਸਾਲ ਤੋਂ ਹਰ ਸਾਲ ‘ਸ਼ਹੀਦ ਕਰਤਾਰ ਸਿੰਘ ਸਰਾਭਾ ਪੱਤਰਕਾਰੀ ਅਵਾਰਡ’ ਦੇ ਕੇ ਦੋ ਯੋਗ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਮੁੱਖ ਮਹਿਮਾਨ ਉੱਘੇ ਪੱਤਰਕਾਰ ਅਤੇ ਲੇਖਕ ਸ. ਵਰਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੱਤਰਕਾਰੀ ਸਿਰਫ਼ ਖ਼ਬਰਾਂ ਦਾ ਮਾਧਿਅਮ ਨਹੀਂ, ਸਗੋਂ ਸਮਾਜ ਦੀ ਅੰਤਰਆਤਮਾ ਦੀ ਆਵਾਜ਼ ਹੈ, ਜੋ ਹਰ ਹਾਲਤ ਵਿੱਚ ਸੱਚ ਨੂੰ ਬੇਖ਼ੌਫ਼ ਹੋ ਕੇ ਲੋਕਾਂ ਤੱਕ ਪਹੁੰਚਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਿਜ਼ੀਟਲ ਯੁੱਗ ਵਿੱਚ ਨਿਰਪੱਖ ਅਤੇ ਨੈਤਿਕ ਪੱਤਰਕਾਰੀ ਦੀ ਭੂਮਿਕਾ ਹੋਰ ਵੀ ਵੱਧ ਗਈ ਹੈ।

ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਅਮਨਪ੍ਰੀਤ ਰੰਧਾਵਾ ਨੇ ਕਿਹਾ ਕਿ ਤੇਜ਼ ਰਫ਼ਤਾਰ ਜਾਣਕਾਰੀ ਦੇ ਇਸ ਯੁੱਗ ਵਿੱਚ ਪ੍ਰਮਾਣਿਕ ਖ਼ਬਰਾਂ ਪਹੁੰਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਸਾਬਕਾ ਅਸਿਸਟੈਂਟ ਡਾਇਰੈਕਟਰ ਆਕਾਸ਼ਵਾਣੀ ਸ. ਅਮਰਜੀਤ ਸਿੰਘ ਵੜੈਚ ਨੇ ਪੱਤਰਕਾਰੀ ਨੂੰ ਲੋਕਤੰਤਰ ਦਾ ਮਜ਼ਬੂਤ ਸਤੰਭ ਦੱਸਦਿਆਂ ਇਸ ਦੀ ਆਜ਼ਾਦੀ ਦੀ ਰੱਖਿਆ ਨੂੰ ਹਰ ਨਾਗਰਿਕ ਦੀ ਜ਼ਿੰਮੇਵਾਰੀ ਕਰਾਰ ਦਿੱਤਾ।

ਭਾਸ਼ਣ ਮੁਕਾਬਲੇ ਦੇ ਜੱਜਾਂ ਵਜੋਂ ਡਾ. ਹਰਗੁਣਪ੍ਰੀਤ ਸਿੰਘ, ਡਾ. ਰਿਪੁਦਮਨ ਸਿੰਘ, ਡਾ. ਕੁਲਦੀਪ ਕੌਰ ਅਤੇ ਡਾ. ਹਰਮੀਤ ਕੌਰ ਨੇ ਵਿਦਿਆਰਥੀਆਂ ਦੀ ਪ੍ਰਸਤੁਤੀ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਇਸ ਮੌਕੇ ਪੱਤਰਕਾਰੀ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ — ਸ਼ਿਵ ਇੰਦਰ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਗਗਨਦੀਪ ਸਿੰਘ ਅਹੂਜਾ, ਰਣਜੀਤ ਸਿੰਘ, ਅਮਨ ਅਰੋੜਾ, ਕਰਮ ਪ੍ਰਕਾਸ਼ ਅਤੇ ਹੈਪੀ ਭਗਤਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਟਰੱਸਟ ਦੇ ਖਜ਼ਾਨਚੀ ਨਰਿੰਦਰਪਾਲ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬੜੀ ਸੁਚੱਜੇ ਢੰਗ ਨਾਲ ਨਿਭਾਈ।

ਇਸ ਮੌਕੇ ਪੱਤਰਕਾਰ ਸ਼ਿਵ ਇੰਦਰ ਸਿੰਘ, ਕਰਮ ਪ੍ਰਕਾਸ਼ ਅਤੇ ਅਮਨ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

 ਸਮਾਗਮ ਵਿੱਚ ਪੱਤਰਕਾਰ ਨਵਦੀਪ ਢੀਂਗਰਾ,ਭੁਪਿੰਦਰ ਮੌਲਵੀਵਾਲਾ,

ਪਰਗਟ ਸਿੰਘ, ਪ੍ਰਿੰਸੀਪਲ ਜਤਿੰਦਰ ਸਿੰਘ,ਸੁਰਿੰਦਰਪਾਲ ਗੋਇਲ, ਦੀਪਕ ਭਾਰਦਵਾਜ, ਕੁਲਵਿੰਦਰ ਸਿੰਘ,ਹਰਪ੍ਰੀਤ ਕੌਰ,ਸੁਮਨ ਗੋਇਲ,ਹਰਵਿੰਦਰ ਕੌਰ , ਬਲਵਿੰਦਰ ਕੌਰ ਟਰੱਸਟ ਮੈਂਬਰਜ਼ ਅਤੇ ਸਕੂਲਾਂ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *