ਮੋਹਾਲੀ ਵਿਚ ਸੈਂਸਸ-2027 ਦੀਆਂ ਡਿਊਟੀਆਂ ਨੇ ਸਿੱਖਿਆ ਕ੍ਰਾਂਤੀ ਦੀ ਹਵਾ ਕੱਢੀ

ਸਕੂਲ ਮੁਖੀਆਂ ਦੀਆਂ ਡਿਊਟੀਆਂ ਕਾਰਨ ਸਕੂਲ-ਪ੍ਰਬੰਧ ਲੜਖੜਾਏ
ਮੋਹਾਲੀ, 30 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਐਸ.ਏ.ਐਸ. ਨਗਰ ਜ਼ਿਲ੍ਹੇ ਵਿਚ ਸੈਂਸਸ-2027 ਵਿਚ ਇਨੂੰਮੀਨੇਟਰ ਅਤੇ ਸੂਪਰਵਾਈਜ਼ਰਜ਼ਾਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ ਨਾਲ ਸਿੱਖਿਆ ਵਿਭਾਗ ਦਾ ਬਿਲਕੁਲ ਹੀ ਭੱਠਾ ਬਿਠਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਸੈਂਸਸ-2027 ਲਈ ਇਨੂੰਮੀਨੇਟਰ ਅਤੇ ਸੂਪਰਵਾਈਜ਼ਰ ਦੀ ਡਿਊਟੀ ਲਾਉਣ ਲਈ ਕਰਮਚਾਰੀ ਦੀ ਸਹਿਮਤੀ ਲੈਣਾ ਅਤਿ ਜ਼ਰੂਰੀ ਹੈ ਪਰ ਇਸ ਦੇ ਬਾਵਜੂਦ ਪਿੱਕ ਐਂਡ ਚੂਜ਼ ਦੀ ਨੀਤੀ ਅਪਣਾਉਣ ਕਾਰਨ ਸਿੱਖਿਆ ਪ੍ਰਬੰਧ ਲੜਖੜਾ ਗਿਆ ਹੈ। ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਰਫ਼ਤਾਰ ਨੂੰ ਬਰੇਕਾਂ ਲੱਗ ਚੁੱਕੀਆਂ ਹਨ। ਸਕੂਲ ਮੁਖੀਆਂ ਦੀ ਗ਼ੈਰ-ਹਾਜ਼ਰੀ ਕਾਰਨ ਪ੍ਰਬੰਧਕੀ ਕਾਰਜ ਮੁਕੰਮਲ ਰੂਪ ਵਿਚ ਰੁਕ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਸਮੁੱਚੇ ਜ਼ਿਲ੍ਹੇ ਦੀਆਂ ਡਿਊਟੀਆਂ ਤਹਿਸੀਲਦਾਰ ਰੂਰਲ-ਕਮ-ਚਾਰਜ ਆਫ਼ਿਸਰ ਵਲੋਂ ਲਗਾਈਆਂ ਜਾ ਰਹੀਆਂ ਹਨ। ਡਿਊਟੀਆਂ ਲਗਾਉਣ ਲਈ ਕੋਈ ਨਿਯਮ ਜਾਂ ਨੀਤੀ ਨਹੀਂ ਅਪਣਾਈ ਗਈ। ਇਥੋਂ ਤਕ ਕਿ ਸਕੂਲਾਂ ਦੇ ਹੈੱਡ ਮਾਸਟਰਾਂ ਅਤੇ ਪ੍ਰਿੰਸੀਪਲਾਂ ਦੀਆਂ ਵੀ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ। ਨਵਾਂ ਵਿਦਿਅਕ ਵਰ੍ਹਾ ਸ਼ੁਰੂ ਕਰਨ ਹੋਣ ਕਾਰਨ ਨਵੇਂ ਦਾਖ਼ਲੇ, ਨਵੀਂਆਂ ਯੋਜਨਾਵਾਂ ਦਾ ਪ੍ਰਚਾਰ, ਪਿਛਲੇ ਸੈਸ਼ਨ ਦੌਰਾਨ ਖ਼ਰਚ ਕੀਤੀਆਂ ਗ੍ਰਾਂਟਾਂ ਦਾ ਆਡਿਟ, ਤਨਖ਼ਾਹਾਂ ਦੇ ਬਿਲ ਬਣਾਉਣਾ, ਬਕਾਇਆ ਮਹਿੰਗਾਈ ਭੱਤੇ ਕਢਾਉਣੇ, ਕਰਮਚਾਰੀਆਂ ਨੂੰ ਛੁੱਟੀਆਂ ਦੇਣਾ ਅਤੇ ਕਰਮਚਾਰੀਆਂ ਦੇ ਡਿਊ ਐਂਡ ਡਰਾਨ ਬਗ਼ੈਰਾ ਦਾ ਕਾਰਜ ਸਾਰਾ ਕੁੱਝ ਵਿਚਾਲੇ ਹੀ ਰੁਕ ਗਿਆ ਹੈ। ਇਕ ਹੈਡ ਮਾਸਟਰ ਨੇ ਦੱਸਿਆ ਕਿ ਉਸ ਕੋਲ 7-8 ਸਕੂਲ ਹਨ ਜਿਨ੍ਹਾਂ ਵਿਚ 65 ਤੋਂ ਜ਼ਿਆਦਾ ਅਧਿਆਪਕ ਕੰਮ ਕਰਦੇ ਹਨ ਪਰ ਕਿਸੇ ਸਾਧਾਰਣ ਅਧਿਆਪਕ ਦੀ ਡਿਊਟੀ ਲਗਾਉਣ ਦੀ ਬਜਾਏ ਸੈਂਸਸ-2027 ਲਈ ਸਕੂਲ ਮੁਖੀ ਦੀ ਹੀ ਡਿਊਟੀ ਲਗਾ ਦਿਤੀ ਗਈ ਹੈ। ਇਕ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਊਟੀ ਨਿਭਾਉਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਪਰ ਸਕੂਲਾਂ ਦਾ ਕੰਮ ਹੀ ਏਨਾ ਜ਼ਿਆਦਾ ਹੈ ਕਿ ਸਕੂਲ ਮੁਖੀ ਦਾ ਸਕੂਲ ਤੋਂ ਬਾਹਰ ਰਹਿਣਾ ਬਹੁਤ ਮੁਸ਼ਕਿਲ ਹੈ। ਹਰ ਸੂਚਨਾ ਸਕੂਲ ਮੁਖੀ ਦੇ ਦਸਤਖ਼ਤਾਂ ਹੇਠ ਜਾਂ ਓ.ਟੀ.ਪੀ. ਰਾਹੀਂ ਹੀ ਭੇਜੀ ਅਤੇ ਭਰੀ ਜਾਂਦੀ ਹੈ। ਇਸ ਲਈ ਸਕੂਲ ਮੁਖੀ ਨੂੰ ਇਨੂੰਮੀਨੇਟਰ ਅਤੇ ਸੂਪਰਵਾਈਜ਼ਰ ਦੀ ਸੈਂਸਸ ਡਿਊਟੀ ਤੋਂ ਰਾਹਤ ਦਿਤੀ ਜਾਣੀ ਚਾਹੀਦੀ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਵਿਦਿਆਰਥੀਆਂ ਦਾ ਤਾਂ ਨੁਕਸਾਨ ਹੋਵੇਗਾ ਹੀ, ਨਾਲ ਹੀ ਸਕੂਲਾਂ ਦੇ ਪ੍ਰਬੰਧ ਵੀ ਲੜਖੜਾ ਜਾਣਗੇ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਸਕੂਲ ਵਿਚੋਂ ਕੋਈ ਸਾਧਾਰਣ ਅਧਿਆਪਕ ਅਪਣੀ ਪਹੁੰਚ ਨਾਲ ਡਿਊਟੀ ਕਟਵਾ ਰਿਹਾ ਹੈ, ਉਸੇ ਸਕੂਲ ਦੇ ਮੁਖੀ ਦੀ ਡਿਊਟੀ ਲਗਾ ਦਿਤੀ ਜਾਂਦੀ ਹੈ। ਨਿਊਜ਼ ਟਾਊਨ ਕੋਲ ਕੁੱਝ ਅਜਿਹੇ ਅਧਿਆਪਕਾਂ ਦਾ ਵੀ ਡਾਟਾ ਹੈ ਜਿਨ੍ਹਾਂ ਨੇ ਅਪਣੀ ਸਿਆਸੀ ਪਹੁੰਚ ਨਾਲ 12 ਘੰਟਿਆਂ ਦੇ ਅੰਦਰ ਅੰਦਰ ਹੀ ਡਿਊਟੀ ਕਟਵਾ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਆਮ ਤੌਰ ਤੇ ਕਦੇ ਵੀ ਕਿਸੇ ਸਕੂਲ ਮੁਖੀ ਦੀ ਡਿਊਟੀ ਨਹੀਂ ਲਗਾਈ ਜਾਂਦੀ ਸਗੋਂ ਸਕੂਲਾਂ ਵਿਚੋਂ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਤਾਕਿ ਸਕੂਲਾਂ ਪ੍ਰਬੰਧਕੀ ਕੰਮਕਾਜ ਚਲਦਾ ਰਹੇ।
