ਪੇਪਰ ਲੀਕ ’ਤੇ ਫਾਸਟ ਟ੍ਰੈਕ ਅਦਾਲਤ ਬਣਾਈ ਜਾਵੇਗੀ : ਪ੍ਰਧਾਨ ਮੰਤਰੀ

ਪੇਪਰ ਲੀਕ ’ਤੇ ਫਾਸਟ ਟ੍ਰੈਕ ਅਦਾਲਤ...
ਨਵੀਂ ਦਿੱਲੀ : ਦਿੱਲੀ ਵਿੱਚ ਕਾਕਰੋਚ ਜੰਤਾ ਪਾਰਟੀ (CJP) ਦੇ ਚੱਲ ਰਹੇ ਪ੍ਰਦਰਸ਼ਨਾਂ ਅਤੇ ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਰੋਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪੇਪਰ ਲੀਕ ਦੇ ਮੁੱਦੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਅਤੇ ਉਨ੍ਹਾਂ ਦੇ ਹਿੱਤ ਸਰਵੋਚ ਤਰਜੀਹ ਹਨ ਅਤੇ ਇਸ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਵੀਰਵਾਰ ਸਵੇਰੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਅਗਲੇ ਹੁਕਮਾਂ ਤੱਕ 16 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ। ਜੰਤਰ-ਮੰਤਰ ਵਿਖੇ ਚੱਲ ਰਹੇ CJP ਦੇ ਪ੍ਰਦਰਸ਼ਨ ਵਿੱਚ ਵਧਦੀ ਭੀੜ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਡੀਐਮਆਰਸੀ ਮੁਤਾਬਕ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਭਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਸੈਂਟਰਲ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰ ਬਾਗ ਅਤੇ ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਹਾਲਾਂਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਸੈਂਟਰਲ ਸਕੱਤਰੇਤ ਸਟੇਸ਼ਨਾਂ ‘ਤੇ ਇੰਟਰਚੇਂਜ ਦੀ ਸਹੂਲਤ ਜਾਰੀ ਰਹੇਗੀ।
ਬੁੱਧਵਾਰ ਰਾਤ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਤਣਾਅ ਪੈਦਾ ਹੋ ਗਿਆ। ਪੁਲੀਸ ਦਾ ਦਾਅਵਾ ਹੈ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ, ਜਿਸ ਤੋਂ ਬਾਅਦ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਘਟਨਾ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਪੁਲੀਸ ਲਾਠੀਚਾਰਜ ਕਰਦੀ ਅਤੇ ਕੁਝ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਲਾਠੀਆਂ ਵੀ ਨਜ਼ਰ ਆ ਰਹੀਆਂ ਹਨ।
