ਕੈਨੇਡਾ ਫੁੱਟਬਾਲ ਟੀਮ ਨੇ ਆਨਲਾਈਨ ਨਸਲਵਾਦ ਖ਼ਿਲਾਫ਼ ਸਖ਼ਤ ਕਾਨੂੰਨਾਂ ਦੀ ਕੀਤੀ ਮੰਗ

ਕੈਨੇਡਾ ਫੁੱਟਬਾਲ ਟੀਮ ਨੇ ਆਨਲਾਈਨ ਨਸਲਵਾਦ ਖ਼ਿਲਾਫ਼...
ਓਟਾਵਾ: ਕੈਨੇਡਾ ਦੀ ਪੁਰਸ਼ ਕੌਮੀ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਸੋਸ਼ਲ ਮੀਡੀਆ ਕੰਪਨੀਆਂ ਅਤੇ ਸੰਘੀ ਸਰਕਾਰ ਨੂੰ ਆਨਲਾਈਨ ਨਸਲਵਾਦ, ਨਫ਼ਰਤੀ ਭਾਸ਼ਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਖਿਡਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਨਸਲੀ ਟਿੱਪਣੀਆਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
2026 ਫੀਫਾ ਵਿਸ਼ਵ ਕੱਪ ਦੇ ਸਹਿ-ਮੇਜ਼ਬਾਨ ਕੈਨੇਡਾ ਦੇ ਖਿਡਾਰੀਆਂ ਮੁਤਾਬਕ ਮੈਚਾਂ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਨਫ਼ਰਤੀ ਸੁਨੇਹਿਆਂ ਦੀ ਬਾਰਿਸ਼ ਹੋ ਜਾਂਦੀ ਹੈ। ਇਹ ਸੁਨੇਹੇ ਅਕਸਰ ਕਿਸੇ ਖੇਡ ਗਲਤੀ, ਸਖ਼ਤ ਟੈਕਲ ਜਾਂ ਮੈਚ ਦੌਰਾਨ ਹੋਈ ਕਿਸੇ ਘਟਨਾ ਤੋਂ ਬਾਅਦ ਆਉਂਦੇ ਹਨ। ਡਿਫੈਂਡਰ ਮੋਇਜ਼ ਬੋਮਬੀਟੋ ਨੇ ਦੱਸਿਆ ਕਿ 2024 ਕੋਪਾ ਅਮਰੀਕਾ ਵਿੱਚ ਲਿਓਨਲ ਮੈਸੀ ਖ਼ਿਲਾਫ਼ ਇੱਕ ਟੈਕਲ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ ਨਸਲਵਾਦੀ ਟਿੱਪਣੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਨਸਲਵਾਦ ਅਜੇ ਵੀ ਸਮਾਜ ਵਿੱਚ ਡੂੰਘੀਆਂ ਜੜ੍ਹਾਂ ਰੱਖਦਾ ਹੈ।
ਬੋਮਬੀਟੋ ਦੀ ਏਜੰਟ ਨਾਦੀਆ ਅਲੀ ਨੇ ਦੱਸਿਆ ਕਿ ਮੈਟਾ ਕੋਲ ਸੈਂਕੜੇ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਕੀਤੀ ਗਈ ਸੀ, ਪਰ ਕਥਿਤ ਤੌਰ ‘ਤੇ ਕੰਪਨੀ ਨੇ ਕਿਹਾ ਕਿ ਇਹ ਸਮੱਗਰੀ ਉਸ ਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ। ਹਾਲਾਂਕਿ, ਮੈਟਾ ਨੇ ਦਾਅਵਾ ਕੀਤਾ ਕਿ ਉਸ ਦੇ ਪਲੇਟਫਾਰਮਾਂ ‘ਤੇ ਨਸਲੀ ਦੁਰਵਿਵਹਾਰ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਨੂੰ ਰੋਕਣ ਲਈ ਕਈ ਸੁਰੱਖਿਆ ਉਪਾਅ ਲਾਗੂ ਹਨ।
ਕੈਨੇਡਾ ਸਰਕਾਰ ਨੇ ਬਿੱਲ ਸੀ-34 ਪੇਸ਼ ਕੀਤਾ
ਕੈਨੇਡਾ ਦੇ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਖਿਡਾਰੀਆਂ ਨੂੰ ਮੈਦਾਨ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਭਾਰੀ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਡਫੀਲਡਰ ਲਿਆਮ ਮਿੱਲਰ ਨੇ ਦੱਸਿਆ ਕਿ ਵੈਨੇਜ਼ੁਏਲਾ ਖ਼ਿਲਾਫ਼ ਪੈਨਲਟੀ ਖੁੰਝਣ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ।
ਇਸ ਦੌਰਾਨ ਕੈਨੇਡਾ ਸਰਕਾਰ ਨੇ ਆਨਲਾਈਨ ਨੁਕਸਾਨਾਂ ਨਾਲ ਨਜਿੱਠਣ ਲਈ ਬਿੱਲ ਸੀ-34 ਪੇਸ਼ ਕੀਤਾ ਹੈ, ਜਿਸ ਤਹਿਤ ਸੋਸ਼ਲ ਮੀਡੀਆ ਅਤੇ ਏਆਈ ਪਲੇਟਫਾਰਮਾਂ ਲਈ ਨਵੀਆਂ ਜ਼ਿੰਮੇਵਾਰੀਆਂ ਤੈਅ ਕਰਨ ਦਾ ਪ੍ਰਸਤਾਵ ਹੈ। ਫਾਰਵਰਡ ਪ੍ਰਾਮਿਸ ਡੇਵਿਡ ਨੇ ਕਿਹਾ ਕਿ ਨਫ਼ਰਤੀ ਸੁਨੇਹੇ ਭੇਜਣ ਵਾਲਿਆਂ ਦੀ ਪਛਾਣ ਜਨਤਕ ਕਰਕੇ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਜਵਾਬਦੇਹ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਵਿੱਚ ਵੱਡੀ ਕਮੀ ਆ ਸਕਦੀ ਹੈ। ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨੇ ਆਨਲਾਈਨ ਨਫ਼ਰਤ ਖ਼ਿਲਾਫ਼ ਪ੍ਰਭਾਵਸ਼ਾਲੀ ਅਤੇ ਸਖ਼ਤ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ।
