ਕੈਲੇਫ਼ੋਰਨੀਆ ਦੇ ਸੈਕਰਾਮੈਂਟੋ ਸਿਟੀ ਹਾਲ ‘ਚ ਕਿਰਪਾਨ ਲਿਜਾਣ ਦੀ ਮਿਲੀ ਇਜਾਜ਼ਤ

10 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ ਕਿਰਪਾਨ ਦੀ ਲੰਬਾਈ, ਸਿੱਖਾਂ ‘ਚ ਖੁਸ਼ੀ
ਕੈਲੇਫ਼ੋਰਨੀਆ, 30 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੇ ਕੈਲੇਫ਼ੋਰਨੀਆ ਦੇ ਸੈਕਰਾਮੈਂਟੋ ਸਿਟੀ ਹਾਲ ਦੇ ਅੰਦਰ ਧਾਰਮਿਕ ਸ਼ਸਤਰ (ਕਿਰਪਾਨ) ਲਿਜਾਣ ਦੀ ਇਜਾਜ਼ਤ ਦੇਣ ਵਾਲਾ ਇੱਕ ਨਵਾਂ ਕਾਨੂੰਨ ਇਸ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਕ ਮੌਕੇ ‘ਤੇ ਸਿੱਖ ਭਾਈਚਾਰੇ ਦੇ ਮੈਂਬਰ ਸਿਟੀ ਕੌਂਸਲ ਦੇ ਚੈਂਬਰ ਵਿੱਚ ਇਕੱਠੇ ਹੋਏ। ਸਿੱਖ ਧਰਮ ਵਿੱਚ ਰਸਮੀ ਮਾਨਤਾ ਵਜੋਂ ਪੰਜ ਕਕਾਰ ਧਾਰਨ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਕਿਰਪਾਨ ਹੈ। ਇਸ ਤੋਂ ਪਹਿਲਾਂ ਸਿਟੀ ਹਾਲ ਵਿੱਚ ਹਰ ਤਰ੍ਹਾਂ ਦੇ ਹਥਿਆਰਾਂ ’ਤੇ ਪਾਬੰਦੀ ਹੋਣ ਕਾਰਨ ਕਿਰਪਾਨਧਾਰੀ ਸਿੱਖ ਸਿਟੀ ਹਾਲ ਦੇ ਅੰਦਰ ਦਾਖਲ ਨਹੀਂ ਹੋ ਸਕਦੇ ਸਨ ਅਤੇ ਨਾ ਹੀ ਸ਼ਹਿਰ ਦੀ ਸਰਕਾਰ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਸਨ। ਇਸ ਮੌਕੇ ਡਾਕਟਰ ਗੁਰਤੇਜ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਇਸ ਖੇਤਰ ਵਿੱਚ ਰਹਿ ਰਹੇ ਹਨ ਪਰ ਪਹਿਲੀ ਵਾਰ ਉਹ ਸਿਟੀ ਹਾਲ ਦੇ ਅੰਦਰ ਪੂਰਨ ਮਹਿਸੂਸ ਕਰਦੇ ਹੋਏ ਦਾਖਲ ਹੋਏ ਹਨ। ਸਿਟੀ ਹਾਲ ਵਿੱਚ ਕਿਰਪਾਨ ਲਿਜਾਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਅਨੁਸਾਰ ਕਿਰਪਾਨ ਦੀ ਲੰਬਾਈ 10 ਇੰਚ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਇਹ ਗਾਤਰੇ (ਮਿਆਨ) ਵਿੱਚ ਹੋਣੀ ਲਾਜ਼ਮੀ ਹੈ। ਕੌਂਸਲ ਮੈਂਬਰ ਕੈਟੀ ਮੇਪਲ, ਜਿਨ੍ਹਾਂ ਨੇ ਇਸ ਆਰਡੀਨੈਂਸ ਨੂੰ ਪਾਸ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ, ਨੇ ਕਿਹਾ ਕਿ ਇਹ ਸਿਰਫ਼ ਇੱਕ ਨੀਤੀ ਨਹੀਂ ਹੈ, ਸਗੋਂ ਇਹ ਸਤਿਕਾਰ ਅਤੇ ਸਾਰਿਆਂ ਨੂੰ ਸ਼ਾਮਲ ਕਰਨ ਦੀ ਭਾਵਨਾ ਬਾਰੇ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਕਿ ਹਰ ਕੋਈ ਸਾਡੇ ਨਾਗਰਿਕ ਸਥਾਨਾਂ ਵਿੱਚ ਆਪਣੀ ਪਛਾਣ ਨਾਲ ਪੂਰੀ ਤਰ੍ਹਾਂ ਮੌਜੂਦ ਰਹਿ ਸਕੇ। ਇਸ ਮੌਕੇ ਕਈ ਬੁਲਾਰਿਆਂ ਨੇ ਇਸ ਦਿਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਸਿਟੀ ਕੌਂਸਲ ਨੇ ਅਪਰੈਲ ਮਹੀਨੇ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਾਨਤਾ ਦੇਣ ਦਾ ਮਤਾ ਵੀ ਪਾਸ ਕੀਤਾ। ਸਿੱਖ ਸੰਸਥਾ ‘ਜਕਾਰਾ ਮੂਵਮੈਂਟ’ ਦੇ ਖੇਤਰੀ ਨਿਰਦੇਸ਼ਕ ਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਪਲ ਸਾਡੀ ਪਛਾਣ ਬਾਰੇ ਭਾਈਚਾਰੇ ਨੂੰ ਜਾਗਰੂਕ ਕਰਨ ਵਿੱਚ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਬਾਰੇ ਸਮਾਜ ਵਿੱਚ ਚੰਗੀ ਜਾਣਕਾਰੀ ਜਾਵੇਗੀ।
