ਵੰਦੇ ਭਾਰਤ ਦੇ ਫਸਟ ਏ.ਸੀ. ਡੱਬੇ ’ਚ ਮਿਲਣਗੀਆਂ 5 ਸਟਾਰ ਹੋਟਲ ਵਰਗੀਆਂ ਸੁਵਿਧਾਵਾਂ

ਵੰਦੇ ਭਾਰਤ ਦੇ ਫਸਟ ਏ.ਸੀ. ਡੱਬੇ ’ਚ ਮਿਲਣਗੀਆਂ 5 ਸਟਾਰ...
ਨਵੀਂ ਦਿੱਲੀ: ਭਾਰਤੀ ਰੇਲਵੇ ਦੀ ਪ੍ਰੀਮੀਅਮ ਟ੍ਰੇਨ ਵੰਦੇ ਭਾਰਤ ਸਲੀਪਰ ਦਾ ਫਸਟ ਕਲਾਸ ਕੋਚ ਆਪਣੀਆਂ ਆਧੁਨਿਕ ਅਤੇ ਲਗਜ਼ਰੀ ਸਹੂਲਤਾਂ ਕਾਰਨ ਚਰਚਾ ਵਿੱਚ ਹੈ। ਇੱਕ ਕੰਟੈਂਟ ਕ੍ਰੀਏਟਰ ਵੱਲੋਂ ਇਸ ਟ੍ਰੇਨ ਦੇ ਸਫ਼ਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇਸ ਨੂੰ ਭਾਰਤੀ ਰੇਲਵੇ ਦੀ ਸਭ ਤੋਂ ਸ਼ਾਨਦਾਰ ਪੇਸ਼ਕਸ਼ ਦੱਸਿਆ ਗਿਆ ਹੈ।
ਕੰਟੈਂਟ ਕ੍ਰੀਏਟਰ ਰੌਣਕ ਸਾਹਨੀ ਨੇ 14 ਦਿਨਾਂ ਦੇ ਟ੍ਰੇਨ ਸਫ਼ਰ ਚੈਲੈਂਜ ਤਹਿਤ ਗੁਵਾਹਾਟੀ ਦੇ ਕਾਮਾਖਿਆ ਜੰਕਸ਼ਨ ਤੋਂ ਕੋਲਕਾਤਾ ਦੇ ਹਾਵੜਾ ਜੰਕਸ਼ਨ ਤੱਕ ਵੰਦੇ ਭਾਰਤ ਸਲੀਪਰ ਦੇ ਫਸਟ ਕਲਾਸ ਵਿੱਚ ਯਾਤਰਾ ਕੀਤੀ। ਉਨ੍ਹਾਂ ਮੁਤਾਬਕ ਟ੍ਰੇਨ ਦਾ ਫਿਊਚਰਿਸਟਿਕ ਡਿਜ਼ਾਈਨ ਅਤੇ ਆਧੁਨਿਕ ਸੁਵਿਧਾਵਾਂ ਇਸ ਨੂੰ ਹੋਰ ਟ੍ਰੇਨਾਂ ਨਾਲੋਂ ਵੱਖਰਾ ਬਣਾਉਂਦੀਆਂ ਹਨ।
ਰੌਣਕ ਨੇ ਦੱਸਿਆ ਕਿ ਫਸਟ ਕਲਾਸ ਕੈਬਿਨ ਵਿੱਚ ਸਾਫ਼-ਸੁਥਰਾ ਅਤੇ ਖੁੱਲ੍ਹਾ ਮਾਹੌਲ, ਮੋਬਾਈਲ ਚਾਰਜਿੰਗ ਪੁਆਇੰਟ, ਕੱਪ ਹੋਲਡਰ ਅਤੇ ਇੱਕ ਬਟਨ ਦਬਾਉਣ ਨਾਲ ਅਟੈਂਡੈਂਟ ਨੂੰ ਬੁਲਾਉਣ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਟੋਮੈਟਿਕ ਟ੍ਰਾਂਸਪੇਰੈਂਟ ਵਿੰਡੋ ਵੀ ਹੈ, ਜਿਸ ਨੂੰ ਬੰਦ ਕਰਨ ‘ਤੇ ਬਾਹਰੋਂ ਅੰਦਰ ਜਾਂ ਅੰਦਰੋਂ ਬਾਹਰ ਨਹੀਂ ਦੇਖਿਆ ਜਾ ਸਕਦਾ, ਜਿਸ ਨਾਲ ਯਾਤਰੀਆਂ ਦੀ ਪ੍ਰਾਈਵੇਸੀ ਯਕੀਨੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੇਨ ਵਿੱਚ ਸੀਟਾਂ, ਟੇਬਲ ਅਤੇ ਹੋਰ ਸਹੂਲਤਾਂ ਨੂੰ ਕਾਫ਼ੀ ਖੁੱਲ੍ਹੀ ਜਗ੍ਹਾ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਬਿਹਤਰ ਲਾਈਟਿੰਗ ਅਤੇ ਘੱਟ ਵਾਈਬ੍ਰੇਸ਼ਨ ਕਾਰਨ ਸਫ਼ਰ ਬਹੁਤ ਆਰਾਮਦਾਇਕ ਮਹਿਸੂਸ ਹੁੰਦਾ ਹੈ।
ਰੌਣਕ ਮੁਤਾਬਕ ਇਸ ਟ੍ਰੇਨ ਦੀ ਸਭ ਤੋਂ ਖਾਸ ਸਹੂਲਤ ਪ੍ਰਾਈਵੇਟ ਸ਼ਾਵਰ ਹੈ, ਜੋ ਲੰਬੇ ਸਫ਼ਰ ਦੌਰਾਨ ਯਾਤਰੀਆਂ ਨੂੰ ਹੋਟਲ ਵਰਗਾ ਅਨੁਭਵ ਦਿੰਦਾ ਹੈ। ਮਨੋਰੰਜਨ ਲਈ ਟ੍ਰੇਨ ਵਿੱਚ ਪ੍ਰੀਲੋਡਡ ਫ਼ਿਲਮਾਂ ਵਾਲਾ ਆਨਬੋਰਡ ਵਾਈ-ਫਾਈ ਸਿਸਟਮ ਵੀ ਉਪਲਬਧ ਹੈ। ਰੌਣਕ ਨੇ ਆਪਣੇ ਤਜਰਬੇ ਦੇ ਆਧਾਰ ‘ਤੇ ਕਿਹਾ ਕਿ ਵੰਦੇ ਭਾਰਤ ਸਲੀਪਰ ਦਾ ਸਫ਼ਰ ਹਵਾਈ ਯਾਤਰਾ ਵਰਗਾ, ਅਤੇ ਕੁਝ ਮਾਮਲਿਆਂ ਵਿੱਚ ਉਸ ਤੋਂ ਵੀ ਬਿਹਤਰ ਅਨੁਭਵ ਪ੍ਰਦਾਨ ਕਰਦਾ ਹੈ।
