ਲੇਖਕ ਆਪਣੀ ਸਿਰਜਣ ਸ਼ਕਤੀ ਨਾਲ਼ ਸੰਕਲਪਾਂ ਨੂੰ ਨਵੀਂ ਪਰਿਭਾਸ਼ਾ ਦਿੰਦਾ ਹੈ : ਡਾ. ਜਗਦੀਪ ਸਿੰਘ

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਆਹੂਜਾ ਦੇ ਮਹਾਂਕਾਵਿ ’ਤੇ ਹੋਈ ਵਿਚਾਰ ਗੋਸ਼ਟੀ*
ਪਟਿਆਲਾ, 11 ਮਈ (ਰਾਜਿੰਦਰ ਸਿੰਘ ਥਿੰਦ)L ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਦਫ਼ਤਰ ਵੱਲੋਂ ਕਵੀ ਡਾ. ਜਗਦੀਪ ਕੌਰ ਆਹੂਜਾ ਦੇ ਮਹਾਂਕਾਵਿ ‘ਕਲਿਜੁਗਿ ਪ੍ਰਮਾਣੁ ਨਾਨਕ ਗੁਰੁ’ ਦਾ ਲੋਕ ਅਰਪਣ ਕਰਦਿਆਂ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਗਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਪੂਰੀ ਦੁਨੀਆਂ ਲਈ ਹਮੇਸ਼ਾ ਰਾਹ-ਦਸੇਰਾ ਬਣ ਕੇ ਚੱਲੇ। ਅਸੀਂ ਨਿੱਤ ਉਹਨਾਂ ਦੀ ਬਾਣੀ ਤੋਂ ਊਰਜਾ ਲੈ ਕੇ ਜੀਵਨ ਦੀਆਂ ਗਤੀਵਿਧੀਆਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਡਾ. ਅਹੂਜਾ ਵਧਾਈ ਦੀ ਪਾਤਰ ਹੈ ਕਿ ਉਸ ਨੇ ਗੁਰੂ ਸਾਹਿਬ ਦੇ ਹਵਾਲੇ ਨਾਲ਼ ਇਸ ਮਹਾਂਕਾਵਿ ਦਾ ਕਾਰਜ ਸੰਪੰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਲੇਖਕ ਦੀ ਆਪਣੀ ਸਿਰਜਣ ਸ਼ਕਤੀ ਹੁੰਦੀ ਹੈ ਜਿਸ ਜ਼ਰੀਏ ਉਹ ਸੰਕਲਪਾਂ ਨੂੰ ਨਵੀਂ ਪਰਿਭਾਸ਼ਾ ਦਿੰਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਮਹਾਂਕਾਵਿ ਗੁਰੂ ਨਾਨਕ ਸਾਹਿਬ ਦੇ ਸੰਕਲਪਾਂ ਨੂੰ ਲੋਕਾਈ ਤੱਕ ਪਹੁੰਚਾਏਗਾ।
ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ ਸ. ਸਤਬੀਰ ਸਿੰਘ, ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤ ਸਭਾ, ਕਨੇਡਾ ਨੇ ਕਿਹਾ ਕਿ ਇਸ ਮਹਾਂਕਾਵਿ ਦੀ ਭਾਸ਼ਾ ਬਹੁਤ ਸਰਲ ਅਤੇ ਸਪੱਸ਼ਟ ਹੈ।
ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਕਾਰਜ ਕਰਦੀ ਹੈ। ਇਸ ਖੇਤਰ ਨਾਲ ਜੁੜੇ ਵਿਅਕਤੀਆਂ ਨੂੰ ਪਲੇਟਫ਼ਾਰਮ ਪ੍ਰਦਾਨ ਕਰਨਾ ਸਾਡਾ ਮੁੱਢਲਾ ਕਾਰਜ ਹੈ। ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ ਅਤੇ ਡਾ. ਬਲਵਿੰਦਰ ਕੌਰ ਸਿੱਧੂ, ਡੀਨ, ਭਾਸ਼ਾਵਾਂ ਨੇ ਸੁਆਗਤੀ ਸ਼ਬਦ ਸਾਂਝੇ ਕੀਤੇ।
ਇਸ ਮੌਕੇ ਡੀਨ ਖੋਜ ਡਾ. ਰਿਤੂ ਲਹਿਲ, ਸਿੱਖ ਵਿਸ਼ਵ ਕੋਸ਼ ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ, ਹਿੰਦੀ ਵਿਭਾਗ ਦੇ ਮੁਖੀ ਡਾ. ਰਜਨੀ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਧਰਮਜੀਤ ਸਿੰਘ, ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਜੋਸ਼ੀ, ਵਿਦੇਸ਼ੀ ਭਾਸ਼ਾਵਾਂ ਵਿਭਾਗ ਦੇ ਮੁਖੀ ਡਾ. ਮਯੰਕ ਆਨੰਦ, ਫ਼ਾਰਸੀ, ਉਰਦੂ ਤੇ ਅਰਬੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖ਼ਤਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਹਰਵਿੰਦਰਪਾਲ ਕੌਰ ਤੋਂ ਇਲਾਵਾ ਡਾ. ਪਰਮੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਨਵਜੋਤ ਖੋਸਲਾ, ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼, ਮਲੇਰਕੋਟਲਾ ਤੋਂ ਪ੍ਰੋਫ਼ੈਸਰ ਡਾ. ਰੁਬੀਨਾ ਸ਼ਬਨਮ, ਸ੍ਰੀ ਭਗਵਾਨ ਦਾਸ ਗੁਪਤਾ ਆਦਿ ਹਾਜਰ ਸਨ।
