ਭਾਰਤ ’ਚ 1.72 ਲੱਖ ਕਰੋੜ ਦਾ ਨਿਵੇਸ਼ ਕਰੇਗਾ ਨਿਊਜ਼ੀਲੈਂਡ : ਪ੍ਰਧਾਨ ਮੰਤਰੀ ਮੋਦੀ

ਭਾਰਤ ’ਚ 1.72 ਲੱਖ ਕਰੋੜ ਦਾ ਨਿਵੇਸ਼ ਕਰੇਗਾ ...
ਔਕਲੈਂਡ: ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਦਿਆਂ 2030 ਤੱਕ ਵਸਤੂਆਂ ਅਤੇ ਸੇਵਾਵਾਂ ਦੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਕਰੀਬ 35,000 ਕਰੋੜ ਰੁਪਏ (7 ਬਿਲੀਅਨ ਨਿਊਜ਼ੀਲੈਂਡ ਡਾਲਰ) ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ਾਂ ਨੇ 10 ਸਮਝੌਤਿਆਂ ਸਮੇਤ 18 ਮਹੱਤਵਪੂਰਨ ਨਤੀਜਿਆਂ ‘ਤੇ ਸਹਿਮਤੀ ਪ੍ਰਗਟਾਈ।
ਇਨ੍ਹਾਂ ਵਿੱਚ ਅਗਲੇ ਚਾਰ ਸਾਲਾਂ ਲਈ ਸਹਿਯੋਗ ਦਾ ਰੋਡਮੈਪ, ਇੰਡੋ-ਪੈਸੀਫਿਕ ਸਮੁੰਦਰੀ ਸਹਿਯੋਗ ਲਈ ਨਵਾਂ ਫਰੇਮਵਰਕ ਅਤੇ ਭਾਰਤੀ ਜਲ ਸੈਨਾ ਤੇ ਨਿਊਜ਼ੀਲੈਂਡ ਰੱਖਿਆ ਬਲ ਵਿਚਾਲੇ ਆਪਸੀ ਲੌਜਿਸਟਿਕ ਸਹਾਇਤਾ ਸਮਝੌਤਾ ਸ਼ਾਮਲ ਹੈ। ਦੋਵੇਂ ਨੇਤਾਵਾਂ ਨੇ ਇੰਡੋ-ਪੈਸੀਫਿਕ ਖੇਤਰ ਨੂੰ ਸੁਤੰਤਰ, ਖੁੱਲ੍ਹਾ ਅਤੇ ਨਿਯਮ-ਅਧਾਰਿਤ ਬਣਾਈ ਰੱਖਣ ਦੀ ਸਾਂਝੀ ਵਚਨਬੱਧਤਾ ਦੁਹਰਾਉਂਦਿਆਂ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਤਿਕਾਰ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮੁੰਦਰੀ ਸੁਰੱਖਿਆ, ਨੇਵੀਗੇਸ਼ਨ ਦੀ ਆਜ਼ਾਦੀ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਲਈ ਸਮੁੰਦਰੀ ਸੁਰੱਖਿਆ ਵਾਰਤਾ ਸ਼ੁਰੂ ਕਰਨ ‘ਤੇ ਵੀ ਸਹਿਮਤੀ ਜਤਾਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋ ਸਮੁੰਦਰੀ ਦੇਸ਼ਾਂ ਵਜੋਂ ਭਾਰਤ ਅਤੇ ਨਿਊਜ਼ੀਲੈਂਡ ਦਾ ਨੇੜਲਾ ਸਹਿਯੋਗ ਇੰਡੋ-ਪੈਸੀਫਿਕ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਨਵੀਂ ਤਾਕਤ ਦੇਵੇਗਾ। ਦੋਵੇਂ ਦੇਸ਼ਾਂ ਨੇ ਹਾਲ ਹੀ ਵਿੱਚ ਹੋਏ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (FTA) ਨੂੰ ਜਲਦੀ ਲਾਗੂ ਕਰਨ ਲਈ ਮਿਲ ਕੇ ਕੰਮ ਕਰਨ ਦਾ ਵੀ ਸੰਕਲਪ ਲਿਆ।
ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਚਰਚਾ ਕਰਦਿਆਂ ਦੋਵੇਂ ਨੇਤਾਵਾਂ ਨੇ ਤਣਾਅ ਵਧਣ ‘ਤੇ ਚਿੰਤਾ ਜਤਾਈ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਘਟਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਟ੍ਰੇਟ ਆਫ ਹਾਰਮੁਜ਼ ਰਾਹੀਂ ਸਮੁੰਦਰੀ ਆਵਾਜਾਈ ਦੀ ਨਿਰਵਿਘਨ ਆਜ਼ਾਦੀ ਅਤੇ ਗਲੋਬਲ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਿਸੇ ਵੀ ਰੁਕਾਵਟਾਂ ਦਾ ਵਿਰੋਧ ਕਰਨ ‘ਤੇ ਵੀ ਜ਼ੋਰ ਦਿੱਤਾ। ਇਸ ਦੇ ਨਾਲ ਹੀ ਭਾਰਤ ਅਤੇ ਨਿਊਜ਼ੀਲੈਂਡ ਨੇ ਸੰਯੁਕਤ ਰਾਸ਼ਟਰ ਵਿੱਚ ਵਿਆਪਕ ਸੁਧਾਰਾਂ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਸੁਰੱਖਿਆ ਪਰਿਸ਼ਦ ਦੇ ਵਿਸਥਾਰ ਲਈ ਆਪਣਾ ਸਮਰਥਨ ਵੀ ਦੁਹਰਾਇਆ।
