ਪੰਜਾਬੀ ਯੂਨੀਵਰਸਿਟੀ ਦੀ ਤਾਜ਼ਾ ਖੋਜ ਰਾਹੀਂ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਵਿਕਸਿਤ ਕੀਤੀ ਗਈ ਤਕਨੀਕ



ਪਟਿਆਲਾ, 17 ਮਈ (ਰਾਜਿੰਦਰ ਸਿੰਘ ਥਿੰਦ) ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਅਜਿਹੀ ਤਕਨੀਕ ਵਿਕਸਿਤ ਕੀਤੀ ਗਈ ਹੈ ਜੋ ਦ੍ਰਿਸ਼ਟੀਹੀਣ ਵਿਅਕਤੀਆਂ ਨੂੰ ਘਰਾਂ, ਦਫ਼ਤਰਾਂ ਅਤੇ ਹੋਰ ਜਨਤਕ ਇਮਾਰਤਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਸੁਰੱਖਿਅਤ ਤਰੀਕੇ ਨਾਲ਼ ਚਲਣ ਵਿੱਚ ਮਦਦਗਾਰ ਹੋ ਸਕਦੀ ਹੈ।
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਖੋਜਾਰਥੀ ਡਾ. ਸੁਮਨਦੀਪ ਕੌਰ ਵੱਲੋਂ ਨਿਗਰਾਨ ਡਾ. ਲਖਵਿੰਦਰ ਕੌਰ ਅਤੇ ਸਹਿ-ਨਿਗਰਾਨ ਡਾ. ਮਦਨ ਲਾਲ ਦੀ ਅਗਵਾਈ ਵਿੱਚ ਕੀਤੀ ਇਸ ਖੋਜ ਨੂੰ ਅਕਾਦਮਿਕ ਪੱਧਰ ‘ਤੇ ਵੀ ਮਾਨਤਾ ਮਿਲੀ ਹੈ ਅਤੇ ਇਸ ਦੇ ਨਤੀਜੇ ਉੱਚ ਮਿਆਰ ਵਾਲ਼ੇ ਐੱਸ.ਸੀ.ਆਈ.-ਸੂਚੀਬੱਧ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
ਖੋਜਾਰਥੀ ਡਾ. ਸੁਮਨਦੀਪ ਕੌਰ ਨੇ ਦੱਸਿਆ ਕਿ ਇਹ ਖੋਜ ਕਾਰਜ ਰੀਅਲ-ਟਾਈਮ ਰੁਕਾਵਟ ਪਛਾਣ ਪ੍ਰਣਾਲੀ ਤਿਆਰ ਕਰਨ ‘ਤੇ ਕੇਂਦਰਿਤ ਹੈ ਭਾਵ ਇਹ ਤਕਨੀਕ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਉਸੇ ਪਲ ਤੁਰੰਤ ਪਛਾਣ ਅਤੇ ਸਮਝ ਸਕਦੀ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਸਕੈਨ ਕਰਦੀ ਹੈ ਅਤੇ ਰਸਤੇ ਵਿੱਚ ਖੜ੍ਹੀ ਜਾਂ ਚਲਦੀ ਕਿਸੇ ਵੀ ਚੀਜ਼ ਦੀ ਪਛਾਣ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਕਸਿਤ ਪ੍ਰਣਾਲੀ ਵੱਡੇ ਪੱਧਰ ‘ਤੇ ਵੀਅਰੇਬਲ ਡਿਵਾਈਸ, ਸਮਾਰਟ ਨੇਵੀਗੇਸ਼ਨ ਸਿਸਟਮ ਅਤੇ ਏ.ਆਈ. ਅਧਾਰਿਤ ਹੈਲਥਕੇਅਰ ਹੱਲ ਵਿੱਚ ਵਰਤੀ ਜਾ ਸਕਦੀ ਹੈ। ਇਸ ਨੂੰ ਮੋਬਾਈਲ ਅਤੇ ਐਂਬੈਡਡ ਪਲੇਟਫਾਰਮਾਂ ਨਾਲ ਜੋੜ ਕੇ ਦ੍ਰਿਸ਼ਟੀਹੀਨ ਵਿਅਕਤੀਆਂ ਲਈ ਸਸਤੇ ਅਤੇ ਪ੍ਰਭਾਵਸ਼ਾਲੀ ਹੱਲ ਤਿਆਰ ਕੀਤੇ ਜਾ ਸਕਦੇ ਹਨ।
ਨਿਗਰਾਨ ਡਾ. ਲਖਵਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰਣਾਲੀ ਨੂੰ ਭਵਿੱਖ ਵਿੱਚ ਪ੍ਰੈਕਟੀਕਲ ਅਸਿਸਟਿਵ ਡਿਵਾਈਸ ਵਜੋਂ ਵਿਕਸਤ ਕੀਤੇ ਜਾ ਸਕਣ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਵਿੱਚ ਉੱਨਤ ਇਮੇਜ ਪ੍ਰੋਸੈਸਿੰਗ, ਸੈਗਮੈਂਟੇਸ਼ਨ ਤਕਨੀਕਾਂ ਅਤੇ ਡੀਪ ਲਰਨਿੰਗ ਆਧਾਰਿਤ ਮਾਡਲਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਇਸ ਖੋਜ ਦੀ ਸਮਾਜਿਕ ਮਹੱਤਤਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਦ੍ਰਿਸ਼ਟੀਹੀਨਤਾ ਕਾਰਨ ਵਿਅਕਤੀਆਂ ਦੀ ਆਜ਼ਾਦੀ ਘਟ ਜਾਂਦੀ ਹੈ ਅਤੇ ਉਹ ਹੋਰਾਂ ‘ਤੇ ਨਿਰਭਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਜੀਵਨ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਅੰਦਰੂਨੀ ਵਾਤਾਵਰਣ ਵੀ ਕਈ ਵਾਰ ਬਦਲਦੇ ਰਹਿੰਦੇ ਹਨ, ਜਿਸ ਕਰਕੇ ਰੁਕਾਵਟਾਂ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਖੋਜ ਇਨ੍ਹਾਂ ਚੁਣੌਤੀਆਂ ਦਾ ਹੱਲ ਪੇਸ਼ ਕਰਦੀ ਹੈ ਅਤੇ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਸੁਤੰਤਰ, ਸੁਰੱਖਿਅਤ ਅਤੇ ਆਤਮਵਿਸ਼ਵਾਸੀ ਜੀਵਨ ਨੂੰ ਉਤਸ਼ਾਹਿਤ ਕਰਦੀ ਹੈ।
ਸਹਿ-ਨਿਗਰਾਨ ਡਾ. ਮਦਨ ਲਾਲ ਨੇ ਕਿਹਾ ਕਿ ਇਸ ਤਕਨੀਕ ਦੀ ਅਹਿਮ ਵਿਸ਼ੇਸ਼ਤਾ ਇਹ ਹੈ ਕਿ ਇਹ ਵਰਤੋਂਕਾਰ ਨੂੰ ਰੀਅਲ-ਟਾਈਮ ਆਡੀਟਰੀ ਫੀਡਬੈਕ (ਆਵਾਜ਼ ਰਾਹੀਂ ਚੇਤਾਵਨੀ) ਪ੍ਰਦਾਨ ਕਰਦੀ ਹੈ, ਜਿਸ ਨਾਲ਼ ਉਨ੍ਹਾਂ ਨੂੰ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਤੁਰੰਤ ਜਾਣਕਾਰੀ ਮਿਲਦੀ ਹੈ। ਇਹ ਵਿਸ਼ੇਸ਼ਤਾ ਵਰਤੋਂਕਾਰਾਂ ਦੀ ਕਿਸੇ ਸਥਾਨ ਅਤੇ ਸਥਿਤੀ ਸੰਬੰਧੀ ਸੂਝ ਨੂੰ ਵਧਾਉਂਦੀ ਹੈ ਅਤੇ ਉਹਨਾਂ ਨੂੰ ਖੁਦਮੁਖਤਿਆਰ ਤੌਰ ‘ਤੇ ਸੁਰੱਖਿਅਤ ਤਰੀਕੇ ਨਾਲ ਰਸਤਾ ਤੈਅ ਕਰਨ ਦੇ ਫੈਸਲੇ ਕਰਨ ਯੋਗ ਬਣਾਉਂਦੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਖੋਜਾਂ ਜਿੱਥੇ ਇੱਕ ਪਾਸੇ ਸਮਾਜਕ ਚੁਣੌਤੀਆਂ ਦੇ ਹੱਲ ਸਬੰਧੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਓਥੇ ਹੀ ਇਸ ਗੱਲ ਦਾ ਪ੍ਰਮਾਣ ਬਣਦੀਆਂ ਹਨ ਕਿ ਆਧੁਨਿਕ ਤਕਨੀਕਾਂ ਨੂੰ ਵਰਤ ਕੇ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਹੱਲ ਕੱਢਿਆ ਜਾ ਸਕਦਾ ਹੈ।
