ਕੰਕਰੀਟ ਮਿਕਸਰ ਪਲਾਂਟ ਖ਼ਿਲਾਫ਼ ਧਰਨਾ 24ਵੇਂ ਦਿਨ ਵੀ ਜਾਰੀ

0

ਪਿੰਡ ਵਾਸੀਆਂ ਨੇ ਕਾਨੂੰਨੀ ਨੋਟਿਸਾਂ ਨੂੰ ਦੱਸਿਆ ਝੂਠਾ 

ਮੋਰਿੰਡਾ, 17 ਮਈ ( ਮਜ਼ੀਦ ਖ਼ਾਨ ) – ਨੇੜਲੇ ਪਿੰਡ ਢੰਗਰਾਲੀ ਅਤੇ ਖੈਰਪੁਰ ਵਿੱਚ ਲੱਗ ਰਹੇ ਕੰਕਰੀਟ ਮਿਕਸਰ ਪਲਾਂਟ ਦੇ ਵਿਰੋਧ ਵਿੱਚ ਦਿੱਤਾ ਜਾ ਰਿਹਾ ਧਰਨਾ ਅੱਜ 24ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਪਿੰਡ ਵਾਸੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਕੰਕਰੀਟ ਪਲਾਂਟ ਦੇ ਮਾਲਕ ਕਰਮਜੀਤ ਸਿੰਘ ਵੱਲੋਂ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਝੂਠੀ ਜਾਣਕਾਰੀ ਦੇ ਆਧਾਰ ‘ਤੇ ਕਾਨੂੰਨੀ ਨੋਟਿਸ ਭੇਜ ਕੇ ਧਰਨਾ ਚੁੱਕਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਨੋਟਿਸ ਵਿੱਚ ਧਰਨੇ ਕਾਰਨ ਪ੍ਰੋਜੈਕਟ ਨੂੰ 2 ਕਰੋੜ ਰੁਪਏ ਦੇ ਨੁਕਸਾਨ ਦੀ ਗੱਲ ਕਹੀ ਗਈ ਹੈ।

ਇਸ ਸਬੰਧੀ ਧਰਨਾ ਸਥਾਨ ‘ਤੇ ਗ੍ਰਾਮ ਪੰਚਾਇਤ ਢੰਗਰਾਲੀ ਅਤੇ ਖੈਰਪੁਰ, ਸੰਘਰਸ਼ ਕਮੇਟੀ ਅਤੇ ਪਿੰਡ ਵਾਸੀਆਂ ਦੀ ਇਕ ਮੀਟਿੰਗ ਸਰਪੰਚ ਰਣਦੀਪ ਸਿੰਘ ਦੀਪੂ ਅਤੇ ਹਰਜਿੰਦਰ ਸਿੰਘ ਖੱਟੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਾਨੂੰਨੀ ਨੋਟਿਸ ਵਿੱਚ ਗਲਤ ਅਤੇ ਭ੍ਰਮਿਤ ਕਰਨ ਵਾਲੀ ਜਾਣਕਾਰੀ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨੋਟਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਧਰਨਾ ਪਲਾਂਟ ਵਾਲੀ ਜਗ੍ਹਾ ‘ਤੇ ਲੱਗਿਆ ਹੋਇਆ ਹੈ, ਜਦਕਿ ਹਕੀਕਤ ਵਿੱਚ ਧਰਨਾ ਪਲਾਂਟ ਤੋਂ ਬਾਹਰ ਵੱਖਰੀ ਥਾਂ ‘ਤੇ ਦਿੱਤਾ ਜਾ ਰਿਹਾ ਹੈ, ਜਿਸਦਾ ਪਲਾਂਟ ਨਾਲ ਕੋਈ ਸਿੱਧਾ ਸਬੰਧ ਨਹੀਂ। ਇਸ ਤੋਂ ਇਲਾਵਾ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਲਾਂਟ ਵਿੱਚ ਕੀਮਤੀ ਮਸ਼ੀਨਰੀ ਖੜੀ ਹੋਣ ਕਾਰਨ ਜੰਗ ਲੱਗਣ ਅਤੇ ਹੋਰ ਕਾਰਨਾਂ ਕਰਕੇ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਧਰਨਾਕਾਰੀਆਂ ਅਨੁਸਾਰ 23 ਅਪ੍ਰੈਲ ਤੋਂ ਧਰਨਾ ਜਾਰੀ ਹੋਣ ਦੇ ਬਾਵਜੂਦ ਉਥੇ ਕੋਈ ਮਸ਼ੀਨਰੀ ਮੌਜੂਦ ਹੀ ਨਹੀਂ ਸੀ।

ਗ੍ਰਾਮ ਪੰਚਾਇਤਾਂ ਅਤੇ ਸੰਘਰਸ਼ ਕਮੇਟੀ ਨੇ ਦੋਸ਼ ਲਗਾਇਆ ਕਿ ਪਲਾਂਟ ਮਾਲਕ ਵੱਲੋਂ ਪਿੰਡ ਵਾਸੀਆਂ ਨੂੰ ਡਰਾਉਣ, ਧਮਕਾਉਣ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਲਈ ਝੂਠੇ ਆਧਾਰ ‘ਤੇ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੂੰ ਮਾਨਸਿਕ ਜਾਂ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪਲਾਂਟ ਮਾਲਕ ਕਰਮਜੀਤ ਸਿੰਘ ਦੁਭਾਲੀ ਦੀ ਹੋਵੇਗੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਲਾਂਟ ਮਾਲਕ ਵੱਲੋਂ ਝੂਠੀ ਜਾਣਕਾਰੀ ਦੇ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਵਿੱਚ ਡਰ ਤੇ ਟਕਰਾਅ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਲਾਂਟ ਨੂੰ ਦਿੱਤੀਆਂ ਮਨਜ਼ੂਰੀਆਂ ਤੁਰੰਤ ਰੱਦ ਕਰਕੇ ਇਸ ਦੇ ਨਿਰਮਾਣ ‘ਤੇ ਰੋਕ ਲਗਾਈ ਜਾਵੇ, ਨਹੀਂ ਤਾਂ ਭਵਿੱਖ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪਿੰਡ ਵਾਸੀਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਕਾਨੂੰਨੀ ਰਾਇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅੱਜ ਦੇ ਧਰਨੇ ਵਿੱਚ ਬੀਬੀ ਅੰਮ੍ਰਿਤਪਾਲ ਕੌਰ ਬਾਠ ਅਤੇ ਕਮਲਜੀਤ ਕੌਰ ਖੱਟੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਸਵਰਨ ਸਿੰਘ ਢੰਗਰਾਲੀ, ਲਖਬੀਰ ਸਿੰਘ, ਬਹਾਦਰ ਸਿੰਘ, ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਧਾਲੀਵਾਲ, ਸੱਜਣ ਸਿੰਘ, ਗੁਰਦੀਪ ਸਿੰਘ, ਰਣਜੋਧ ਸਿੰਘ, ਮੋਹਨ ਸਿੰਘ, ਗੁਰਦੇਵ ਸਿੰਘ, ਓੰਕਾਰ ਸਿੰਘ, ਸਰਮਜੀਤ ਸਿੰਘ ਰਾਣਾ, ਸੋਹਣ ਸਿੰਘ, ਤਰਲੋਚਨ ਸਿੰਘ, ਜਤਿੰਦਰ ਸਿੰਘ ਸਰਾਓ, ਹਰਮਿੰਦਰ ਸਿੰਘ ਕਾਕਾ, ਡਾ. ਸੁਖਵਿੰਦਰ ਪਾਲ ਸਿੰਘ, ਸਰਬਜੀਤ ਸਿੰਘ, ਮੋਹਣ ਸਿੰਘ ਸਰਾਓ, ਸਰਜੀਤ ਸਿੰਘ, ਅਮਰਜੀਤ ਸਿੰਘ ਸਰਾਓ, ਜੰਗਜੀਤ ਸਿੰਘ, ਚੰਦ ਸਿੰਘ, ਬਲਜੀਤ ਸਿੰਘ ਸਰਾਓ, ਕੁਲਵੰਤ ਸਿੰਘ, ਜੋਗਾ ਸਿੰਘ, ਜਸਵੰਤ ਸਿੰਘ ਸੀਟੂ, ਪ੍ਰਕਾਸ਼ ਸਿੰਘ, ਰਜਿੰਦਰ ਸਿੰਘ ਘੋਲਾ, ਗੁਰਮੀਤ ਸਿੰਘ ਗਾਂਧੀ, ਗੁਰਮੇਲ ਸਿੰਘ ਫੌਜੀ ਅਤੇ ਹਰਕੇਸ਼ ਸਿੰਘ ਸਮੇਤ ਕਈ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *