ਪੁਲਿਸ ਨੂੰ ਮਿਲਿਆ ਸ਼ੱਕੀ ਡਰੋਨ, ਬੀਐੱਸਐਫ ਨਾਲ ਮਿਲ ਕੇ ਚਲਾਇਆ ਸਰਚ ਆਪ੍ਰੇਸ਼ਨ

ਗੁਰੂ ਹਰ ਸਹਾਏ 02 ਮਈ (ਮਿੰਟੂ ਕੰਧਾਰੀ) ਇਲਾਕੇ ਦੇ ਪਿੰਡ ਬਾਜੇ ਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਖੇਤਾਂ ਵਿੱਚ ਇੱਕ ਸ਼ੱਕੀ ਡਰੋਨ ਮਿਲਣ ਦੀ ਸੂਚਨਾ ਮਿਲੀ। ਜਾਣਕਾਰੀ ਮੁਤਾਬਕ ਸਰਪੰਚ ਰਵਿੰਦਰ ਕੁਮਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮਾਸਟਰ ਜੈ ਪ੍ਰਕਾਸ਼ ਪੁੱਤਰ ਹਰਭਜਨ ਸਿੰਘ ਦੇ ਖੇਤਾਂ ਵਿੱਚ ਇੱਕ ਡਰੋਨ ਡਿੱਗਿਆ ਪਿਆ ਹੈ । ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਡੀਐਸਪੀ ਤੇਜਿੰਦਰ ਪਾਲ ਸਿੰਘ ਅਤੇ ਐਸਐਚਓ ਜਗਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਦੌਰਾਨ ਬੀਐੱਸਐਫ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ਨਾਲ ਮਿਲ ਕੇ ਇਲਾਕੇ ਵਿੱਚ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਗਿਆ । ਜਾਂਚ ਅਧਿਕਾਰੀ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਬੀਐੱਸਐਫ ਵੱਲੋਂ ਖੇਤਾਂ ਅਤੇ ਆਸ-ਪਾਸ ਦੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਪਰ ਇਸ ਦੌਰਾਨ ਕੋਈ ਵੀ ਨਸ਼ੀਲੀ ਵਸਤੂ ਜਾਂ ਸ਼ੱਕੀ ਸਮੱਗਰੀ ਬਰਾਮਦ ਨਹੀਂ ਹੋਈ । ਫਿਲਹਾਲ ਪੁਲਿਸ ਵੱਲੋਂ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਦੇ ਸਰੋਤ ਅਤੇ ਉਦੇਸ਼ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਲਾਕੇ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਨਿਗਰਾਨੀ ਹੋਰ ਵੀ ਤੇਜ਼ ਕਰ ਦਿੱਤੀ ਗਈ ਹੈ ।
