ਨੇਸਲੇ ਵੱਲੋਂ ਦੁੱਧ ਖਰੀਦ ਵਿੱਚ ਧਾਂਧਲੀਆਂ ਦਾ ਮਾਮਲਾ ਗਰਮਾਇਆ, ਪਸ਼ੂਪਾਲਕ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਦਾ ਐਲਾਨ

ਮਮਦੋਟ 3 ਮਈ ( ਰਾਜੇਸ਼ ਧਵਨ )
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ ਦੀ ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋਈ ਮਹੱਤਵਪੂਰਨ ਮੀਟਿੰਗ ਦੌਰਾਨ ਪਸ਼ੂਪਾਲਕ ਕਿਸਾਨਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਪ੍ਰਾਈਵੇਟ ਦੁੱਧ ਖਰੀਦ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ, ਖਾਸ ਕਰਕੇ ਨੇਸਲੇ ਇੰਡੀਆ ਲਿਮਿਟਿਡ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਗਏ।
ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਲੰਬਿਤ ਮੰਗਾਂ ਅਤੇ ਮੌਜੂਦਾ ਚੁਣੌਤੀਆਂ ‘ਤੇ ਵਿਸਥਾਰ ਨਾਲ ਚਰਚਾ ਹੋਈ। ਇਸ ਮੌਕੇ ਲੜੀਵਾਰ ਟੋਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਅਧੀਨ 11 ਮਈ ਨੂੰ ਫਿਰੋਜ਼ਸ਼ਾਹ ਟੋਲ ਪਲਾਜ਼ਾ (ਫਿਰੋਜ਼ਪੁਰ), 18 ਮਈ ਨੂੰ ਸੋਲਖੀਆਂ ਟੋਲ ਪਲਾਜ਼ਾ (ਰੋਪੜ) ਅਤੇ 29 ਮਈ ਨੂੰ ਖੁਈਆਂ ਟੋਲ ਪਲਾਜ਼ਾ (ਡਬਵਾਲੀ, ਸਿਰਸਾ) ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ।
ਮੀਟਿੰਗ ਦੌਰਾਨ ਔਲਖ ਨੇ ਦੋਸ਼ ਲਗਾਇਆ ਕਿ Nestlé India Limited ਦੇ ਦਬਾਅ ਹੇਠ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਪਸ਼ੂਪਾਲਕ ਕਿਸਾਨਾਂ ਨੇ ਕਰੋੜਾਂ ਰੁਪਏ ਲਗਾ ਕੇ ਪਸ਼ੂ ਅਤੇ ਡੇਅਰੀ ਢਾਂਚੇ ਖੜੇ ਕੀਤੇ ਸਨ, ਪਰ ਹੁਣ ਕੰਪਨੀ ਅੰਦਰ ਭ੍ਰਿਸ਼ਟਾਚਾਰ ਵਧਣ ਕਾਰਨ ਕਿਸਾਨਾਂ ਨਾਲ ਨਾਇਨਸਾਫ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਸਿੱਧੇ ਕਿਸਾਨਾਂ ਤੋਂ ਦੁੱਧ ਖਰੀਦਣ ਦੀ ਬਜਾਏ ਠੇਕੇਦਾਰਾਂ ਰਾਹੀਂ ਕਮਿਸ਼ਨ ਦੇ ਆਧਾਰ ‘ਤੇ ਖਰੀਦ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਇਸ ਸਬੰਧੀ ਕੰਪਨੀ ਦੇ ਦੇਸ਼-ਵਿਦੇਸ਼ ਦੇ ਉੱਚ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸ਼ਿਕਾਇਤਾਂ ਭੇਜੀਆਂ ਹਨ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਮੋਗਾ ਸਥਿਤ ਪਲਾਂਟ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੂਤ ਵੀ ਭੇਜੇ ਗਏ ਹਨ, ਜਿੱਥੇ ਕਿਹਾ ਜਾ ਰਿਹਾ ਹੈ ਕਿ ਠੇਕੇਦਾਰਾਂ ਤੋਂ ਕਮਿਸ਼ਨ ਲੈ ਕੇ ਦੁੱਧ ਖਰੀਦਿਆ ਜਾ ਰਿਹਾ ਹੈ।
ਔਲਖ ਨੇ ਦਾਅਵਾ ਕੀਤਾ ਕਿ ਜੋ ਕੰਪਨੀ ਕਦੇ ਕੁਆਲਟੀ ਉਤਪਾਦਾਂ ਲਈ ਮਸ਼ਹੂਰ ਸੀ, ਉਹ ਹੁਣ ਭ੍ਰਿਸ਼ਟ ਪ੍ਰਬੰਧਨ ਕਾਰਨ ਡਿੱਗਦੀ ਜਾ ਰਹੀ ਹੈ। ਮੋਗਾ ਪਲਾਂਟ ਵਿੱਚ ਪਹਿਲਾਂ 15–20 ਲੱਖ ਲੀਟਰ ਰੋਜ਼ਾਨਾ ਦੁੱਧ ਖਰੀਦ ਹੁੰਦੀ ਸੀ, ਜੋ ਹੁਣ ਘਟ ਕੇ 4–5 ਲੱਖ ਲੀਟਰ ਰਹਿ ਗਈ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਾਈਵੇਟ ਪਲਾਂਟਾਂ ਤੋਂ ਪਾਊਡਰ ਖਰੀਦ ਕੇ ਉਸ ‘ਤੇ ਨੇਸਲੇ ਦਾ ਮਾਰਕਾ ਲਗਾ ਕੇ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿਰਸਾ ਖੇਤਰ ਵਿੱਚ ਕਈ ਡੇਅਰੀ ਫਾਰਮਾਂ ਅਤੇ ਚਿਲਿੰਗ ਪਲਾਂਟਾਂ ਦੇ ਮਾਲਕਾਂ ਦੇ ਲੱਖਾਂ ਰੁਪਏ ਲਗਵਾਏ ਗਏ, ਪਰ ਹੁਣ ਉਨ੍ਹਾਂ ਤੋਂ ਦੁੱਧ ਖਰੀਦਣਾ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਅੰਤ ਵਿੱਚ ਔਲਖ ਨੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ Nestlé India Limited ਖ਼ਿਲਾਫ਼ ਸੰਘਰਸ਼ ਕੀਤਾ ਜਾਵੇ, ਤਾਂ ਜੋ ਪਸ਼ੂਪਾਲਕ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ ਅਤੇ ਭ੍ਰਿਸ਼ਟ ਅਧਿਕਾਰੀਆਂ ‘ਤੇ ਕਾਰਵਾਈ ਹੋ ਸਕੇ। ਇਸ ਮਾਮਲੇ ‘ਤੇ ਮੀਟਿੰਗ ਵਿੱਚ ਮੌਜੂਦ ਸਾਰੇ ਆਗੂਆਂ ਨੇ ਇਕਸੁਰ ਹੋ ਕੇ ਸਹਿਮਤੀ ਜਤਾਈ।
