ਅਕਾਲੀ ਸਰਕਾਰ ਬਣਨ ’ਤੇ ਬਿਨ੍ਹਾਂ ਰੁਕਾਵਟ 24 ਘੰਟੇ ਬਿਜਲੀ ਮਿਲੇਗੀ : ਸੁਖਬੀਰ ਬਾਦਲ

0

ਅਕਾਲੀ ਦਲ ਨੇ ਬਿਜਲੀ ਕੱਟਾਂ ਵਿਰੁੱਧ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਮੂਹਰੇ ਕੀਤੇ ਰੋਸ ਮੁਜ਼ਾਹਰੇ

ਚੰਡੀਗੜ੍ਹ, 30 ਅਪ੍ਰੈਲ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਲੰਬੇ-ਲੰਬੇ ਬਿਜਲੀ ਕੱਟ ਲਗਾ ਕੇ ਸਮਾਜ ਦੇ ਸਾਰੇ ਵਰਗਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਰੁੱਧ ਰੋਸ ਮੁਜ਼ਾਹਰੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਧਰਨੇ ਹਲਕਾ ਪੱਧਰ ’ਤੇ ਦਿੱਤੇ ਗਏ ਹਨ ਜਿਸ ਵਾਸਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਭਰਪੂਰ ਸਹਿਯੋਗ ਦਿੱਤਾ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਦੇ ਢਿੱਲੇ ਮੱਠੇ ਰਵੱਈਏ ਤੇ ਵਾਰ-ਵਾਰ ਬਿਜਲੀ ਕੱਟਾਂ ਤੋਂ ਔਖੇ ਸਥਾਨਕ ਲੋਕਾਂ ਨੇ ਰੋਸ ਧਰਨੇ ਵਾਸਤੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਆਪਣੇ ਸੰਦੇਸ਼ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਸਮੇਂ ਸਿਰ ਲਘੂ ਕਾਲੀ ਬਿਜਲੀ ਖਰੀਦ ਸਮਝੌਤੇ ਨਾ ਕਰਨ ਤੇ ਪਹਾੜੀ ਰਾਜਾਂ ਤੋਂ ਬਿਜਲੀ ਖਰੀਦਣ ਲਈ ਅਗਾਊਂ ਸਮਝੌਤੇ ਨਾ ਕਰਨ ਦੀ ਨਿਖੇਧੀ ਕੀਤੀ ਅਤੇ ਪਾਰਟੀ ਕੇਡਰ ਤੇ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਮਜ਼ਬੂਤ ਸੰਦੇਸ਼ ਦਿੱਤਾ ਕਿ ਆਪ ਸਰਕਾਰ ਦੀ ਇਹ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਲੰਬੇ ਤੇ ਰੂਟੀਨ ਵਿਚ ਬਿਜਲੀ ਕੱਟ ਲੱਗ ਰਹੇ ਹਨ ਪਰ ਆਪ ਸਰਕਾਰ ਸਿਰਫ ਪਬਲੀਸਿਟੀ ਤੇ ਝੂਠੀਆਂ ਪ੍ਰਚਾਰ ਮੁਹਿੰਮਾਂ ਵਿਚ ਜੁਟੀ ਹੈ। ਵੇਰਵੇ ਸਾਂਝੇ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ (2007 ਤੋਂ 2017) ਤੱਕ ਅਸੀਂ ਨਵੇਂ ਥਰਮਲ, ਸੋਲਰ, ਪਣ ਬਿਜਲੀ ਤੇ ਬਾਇਓ ਮਾਸ ਪ੍ਰਾਜੈਕਟ ਸਥਾਪਿਤ ਕੀਤੇ ਅਤੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ। ਉਹਨਾਂ ਕਿਹਾ ਕਿ ਮੰਦੇ ਭਾਗਾਂ ਨੂੰ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਬਿਜਲੀ ਦੀ ਵਧਦੀ ਮੰਗ ਦੇ ਮੱਦੇਨਜ਼ਰ ਇਕ ਵੀ ਯੂਨਿਟ ਪੈਦਾਵਾਰ ਵਧਾਉਣ ਵਿਚ ਨਾਕਾਮ ਸਾਬਤ ਹੋਈਆਂ ਹਨ ਜਿਸ ਕਾਰਨ ਹੁਣ ਸੂਬੇ ਵਿਚ ਬਿਜਲੀ ਕੱਟ ਲੱਗ ਰਹੇ ਹਨ। ਬਾਦਲ ਨੇ ਇਹ ਵੀ ਭਰੋਸਾ ਦੁਆਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਫਿਰ ਤੋਂ ਬਿਜਲੀ ਸਰਪਲੱਸ ਸੂਬਾ ਬਣਾਇਆ ਜਾਵੇਗਾ ਤੇ ਅਗਲੀ ਅਕਾਲੀ ਦਲ ਦੀ ਸਰਕਾਰ ਵਿਚ 24 ਘੰਟੇ 7 ਦਿਨ ਨਿਰੰਤਰ ਬਿਜਲੀ ਸਪਲਾਈ ਜਾਰੀ ਰਹੇਗੀ।

Leave a Reply

Your email address will not be published. Required fields are marked *