ਮਜ਼ਦੂਰ ਦਿਵਸ ‘ਤੇ ਇਤਿਹਾਸਕ ਫੈਸਲਾ: ਘੱਟ ਮਜ਼ਦੂਰੀ ਵਿੱਚ ਕੀਤਾ 15% ਵਾਧਾ, ਆਪ ਸਰਕਾਰ ਨੇ ਕਿਰਤੀ ਵਰਗ ਦਾ ਕੀਤਾ ਮੁੜ ਸਨਮਾਨ ਸਥਾਪਿਤ- ਪ੍ਰੋ. ਬਲਜਿੰਦਰ ਕੌਰ

0

ਤਲਵੰਡੀ ਸਾਬੋ, 2 ਮਈ (ਗੁਰਜੰਟ ਸਿੰਘ ਨਥੇਹਾ)- ਮਜ਼ਦੂਰ ਦਿਵਸ ਦੇ ਮੌਕੇ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮਜ਼ਦੂਰ ਵਰਗ ਲਈ ਵੱਡਾ ਇਤਿਹਾਸਕ ਫੈਸਲਾ ਲੈਂਦੇ ਹੋਏ ਸਰਕਾਰੀ ਅਤੇ ਗੈਰ-ਸਰਕਾਰੀ ਦੋਹਾਂ ਖੇਤਰਾਂ ਦੇ ਕਾਮਿਆਂ ਦੀ ਮੂਲ ਤਨਖਾਹ ਵਿੱਚ 15% ਦਾ ਵਾਧਾ ਕਰ ਦਿੱਤਾ ਹੈ। ਇਹ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਲਵੰਡੀ ਸਾਬੋ ਹਲਕਾ ਵਿਧਾਇਕਾ, ਕੈਬਨਿਟ ਰੈਂਕ ਅਤੇ ਚੀਫ ਵਿਪ ਪ੍ਰੋ. ਬਲਜਿੰਦਰ ਕੌਰ ਨੇ ਫੋਨ ‘ਤੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ 1 ਮਈ ਨੂੰ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਸ਼ਿਕਾਗੋ ਦੇ ਮਜ਼ਦੂਰ ਅੰਦੋਲਨ ਦੌਰਾਨ ਸ਼ਹੀਦ ਹੋਏ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਦੌਰਾਨ ਲੇਬਰ ਮੰਤਰੀ ਸ੍ਰੀ ਤਰਨਪ੍ਰੀਤ ਸਿੰਘ ਸੌਂਧ ਵੱਲੋਂ ਤਨਖਾਹ ਵਾਧੇ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਫੈਸਲੇ ਦਾ ਅਧਿਕਾਰਿਕ ਐਲਾਨ ਕਰਦੇ ਹੋਏ ਇਸ ‘ਤੇ ਮੋਹਰ ਲਗਾਈ ਗਈ।ਉਹਨਾਂ ਕਿਹਾ ਕਿ ਮਜ਼ਦੂਰਾਂ ਦੀ ਤਨਖਾਹ ਵਿੱਚ ਇਹ ਵਾਧਾ ਲਗਭਗ 13 ਸਾਲਾਂ ਬਾਅਦ ਕੀਤਾ ਗਿਆ ਹੈ। ਇਹ ਫੈਸਲਾ ਮਜ਼ਦੂਰਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਉਹਨਾਂ ਦੀ ਜ਼ਿੰਦਗੀ ਦੇ ਮਿਆਰ ਨੂੰ ਵੀ ਬਿਹਤਰ ਬਣਾਏਗਾ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਆਮ ਲੋਕਾਂ ਅਤੇ ਮਜ਼ਦੂਰ ਵਰਗ ਦੀ ਭਲਾਈ ਲਈ ਕੰਮ ਕਰਦੀ ਆਈ ਹੈ। ਇਹ ਫੈਸਲਾ ਸਿਰਫ਼ ਤਨਖਾਹ ਵਾਧਾ ਨਹੀਂ, ਸਗੋਂ ਮਜ਼ਦੂਰਾਂ ਦੀ ਮਿਹਨਤ ਦੀ ਅਸਲ ਕਦਰ ਅਤੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਜ਼ਦੂਰ ਵਰਗ ਪੰਜਾਬ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਇਤਿਹਾਸਕ ਕਦਮ ਉਹਨਾਂ ਵਿੱਚ ਨਵਾਂ ਵਿਸ਼ਵਾਸ ਪੈਦਾ ਕਰੇਗਾ। ਜਿੱਥੇ ਪਿਛਲੀਆਂ ਸਰਕਾਰਾਂ ਨੇ ਸਿਰਫ਼ ਵਾਅਦੇ ਕੀਤੇ, ਉੱਥੇ ਆਮ ਆਦਮੀ ਪਾਰਟੀ ਨੇ ਜ਼ਮੀਨੀ ਪੱਧਰ ‘ਤੇ ਫੈਸਲੇ ਲੈ ਕੇ ਕਿਰਤੀ ਵਰਗ ਦੀ ਜ਼ਿੰਦਗੀ ‘ਚ ਅਸਲ ਬਦਲਾਅ ਲਿਆਇਆ ਹੈ।

Leave a Reply

Your email address will not be published. Required fields are marked *