ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ 136ਵਾਂ ਰੈਂਕ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ

0

ਮਾਨਸਾ, 5 ਮਈ (ਬਹਾਦਰ ਖ਼ਾਨ):ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ 136ਵਾਂ ਰੈਂਕ ਹਾਸਲ ਕਰਨ ਵਾਲੀ ਮਾਨਸਾ ਦੇ ਪਿੰਡ ਧਲੇਵਾਂ ਦੀ ਵਸਨੀਕ ਮਨਪ੍ਰੀਤ ਕੌਰ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਵਿਸ਼ੇਸ ਤੌਰ ‘ਤੇ ਆਪਣੇ ਦਫ਼ਤਰ ਵਿਖੇ ਸੱਦ ਕੇ ਸਨਮਾਨਿਤ ਕੀਤਾ ਗਿਆ ਅਤੇ ਚਾਹ ਦਾ ਕੱਪ ਸਾਂਝਾ ਕੀਤਾ ਗਿਆ। ਉਨ੍ਹਾਂ ਨੇ ਮਨਪ੍ਰੀਤ ਕੌਰ ਦੀ ਇਸ ਅਹਿਮ ਪ੍ਰਾਪਤੀ ਲਈ ਮੁਬਾਰਕਬਾਦ ਭੇਟ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਸਿਵਲ ਸੇਵਾਵਾਂ ਨਾਲ ਜੁੜ ਕੇ ਅਧਿਕਾਰੀ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਨੌਕਰੀ ਨਹੀਂ ਬਲਕਿ ਸਮਾਜ ਦੇ ਗਰੀਬ ਵਰਗਾਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਾਰਥਕ ਹੱਲ ਕਰਨ ਦਾ ਮਹੱਤਵਪੂਰਨ ਜ਼ਰੀਆ ਹੈ। ਉਨ੍ਹਾਂ ਨੇ ਮਨਪ੍ਰੀਤ ਕੌਰ ਦੀ ਹੱਲਾਸ਼ੇਰੀ ਕਰਦਿਆਂ ਕਿਹਾ ਕਿ ਇਹ ਮਾਣਾਂਮੱਤੀ ਪ੍ਰਾਪਤੀ ਹੋਰਨਾਂ ਲੜਕੀਆਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਧੀਆਂ ਪੁੱਤਰਾਂ ਦੀ ਕਾਮਯਾਬੀ ਪਿੱਛੇ ਪਰਿਵਾਰ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ। ਮਨਪ੍ਰੀਤ ਕੌਰ ਨੂੰ ਸਨਮਾਨਤ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਬਲਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਖੁਸ਼ਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਜਸਵਿੰਦਰ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *