ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਆਰਟ ਪ੍ਰਤੀਯੋਗਤਾ ’ਚ ਬੱਚਿਆਂ ਨੇ ਕੀਤਾ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ

ਬਰਨਾਲਾ/ਧਨੌਲਾ (ਰਾਈਆ)-
ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਛੋਟੇ ਬੱਚਿਆਂ ਅੰਦਰ ਆਰਟ ਪ੍ਰਤੀ ਦਿਲਚਸਪੀ ਵਧਾਉਣ ਅਤੇ ਕਲਾ ਨੂੰ ਨਿਖਾਰਣ ਵਾਸਤੇ ਅੱਜ ਇੰਚਾਰਜ ਅਜਿੰਦਰਪਾਲ ਟਿਵਾਣਾ ਦੀ ਅਗਵਾਈ ਹੇਠ ਕਰਵਾਈ ਗਈ ਆਰਟ ਪ੍ਰਤੀਯੋਗਤਾ ਵਿੱਚ ਛੋਟੇ-ਛੋਟੇ ਬੱਚਿਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਬੱਚਿਆਂ ਨੇ ਉਤਸ਼ਾਹ ਤੇ ਜੋਸ਼ ਨਾਲ ਪ੍ਰਤੀਯੋਗਤਾ ਵਿੱਚ ਭਾਗ ਲਿਆ। ਇਸ ਦੌਰਾਨ ਮੈਡਮ ਰੁਪਿੰਦਰ ਸ਼ਰਮਾ ਨੇ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਹੋਏ ਵੱਖ-ਵੱਖ ਰੰਗਾਂ ਦੇ ਫਲਾਂ ਦੇ ਆਕਾਰ ਲੈ ਕੇ ਉਨ੍ਹਾਂ ਦੇ ਡਿਜ਼ਾਇਨ ਤਿਆਰ ਕਰਵਾਏ। ਜਿਸ ਵਿੱਚ ਬੱਚਿਆਂ ਨੇ ਆਪਣੀ ਸਮਝ ਤੋਂ ਕੰਮ ਲੈਂਦੇ ਹੋਏ ਦਿਲਖਿੱਚਵੇਂ ਚਿੱਤਰ ਰੂਪੀ ਡਿਜ਼ਾਈਨ ਤਿਆਰ ਕੀਤੇ। ਜਿੰਨ੍ਹਾਂ ਬੱਚਿਆਂ ਨੇ ਸਭ ਤੋਂ ਵੱਧ ਖੂਬਸੂਰਤੀ ਨਾਲ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਪ੍ਰਤੀਯੋਗਤਾ ਨੂੰ ਨੇਪਰੇ ਚੜ੍ਹਾਉਂਦੇ ਹੋਏ ਵਧੀਆ ਕਾਰਗੁਜ਼ਾਰੀ ਦਿਖਾਈ ਉਨ੍ਹਾਂ ਦੀ ਵਿਸ਼ੇਸ਼ ਤੌਰ ’ਤੇ ਹੌਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਮੌਕੇ ਪ੍ਰਦਾਨ ਕਰਨ ਨਾਲ ਬੱਚਿਆਂ ਅੰਦਰ ਕੁੱਝ ਨਵਾਂ ਸਿੱਖਣ ਦੀ ਭਾਵਨਾ ਪੈਦਾ ਹੁੰਦੀ ਹੈ। ਜਿਸ ਨਾਲ ਉਹ ਪ੍ਰੈਕਟੀਕਲ ਗਿਆਨ ਹਾਸਿਲ ਕਰਕੇ ਆਪਣਾ ਚੰਗਾ ਭਵਿੱਖ ਬਣਾ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਪ੍ਰੀਤ ਕਮਲ ਸ਼ਰਮਾ, ਵਾਈਸ ਪ੍ਰਿੰਸੀਪਲ ਜਸਵੀਰ ਕੌਰ, ਮੈਡਮ ਜਸਪ੍ਰੀਤ ਤੇ ਹਰਮੋਹਨ ਕੌਰ ਆਦਿ ਹਾਜ਼ਰ ਸਨ।
