ਲੰਡਨ ਨੇੜੇ ਦੋ ਯਾਤਰੀ ਰੇਲਾਂ ਦੀ ਟੱਕਰ, 50 ਤੋਂ ਵੱਧ ਲੋਕਾਂ ਦੇ ਜ਼ਖ਼ਮੀ, ਇੱਕ ਦੀ ਮੌਤ

ਲੰਡਨ ਨੇੜੇ ਦੋ ਯਾਤਰੀ ਰੇਲਾਂ ਦੀ ਟੱਕਰ, 50 ਤੋਂ ਵੱਧ...
ਲੰਡਨ: ਇੰਗਲੈਂਡ ਦੀ ਰਾਜਧਾਨੀ ਲੰਡਨ ਤੋਂ ਕਰੀਬ 60 ਮੀਲ ਉੱਤਰ ਵੱਲ ਸਥਿਤ ਬੈੱਡਫੋਰਡ ਨੇੜੇ ਸ਼ੁੱਕਰਵਾਰ ਸ਼ਾਮ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 50 ਲੋਕ ਜ਼ਖ਼ਮੀ ਹੋ ਗਏ ਹਨ। ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 6:45 ਵਜੇ ਵਾਪਰਿਆ। ਘਟਨਾ ਤੋਂ ਬਾਅਦ ਬ੍ਰਿਟਿਸ਼ ਟਰਾਂਸਪੋਰਟ ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਸੇਵਾਵਾਂ ਅਤੇ ਏਅਰ ਐਂਬੂਲੈਂਸਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ।
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ Luton Airport Express ਰੇਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੋਇਆ ਦਿਖਾਈ ਦੇ ਰਿਹਾ ਹੈ, ਜਦਕਿ ਯਾਤਰੀਆਂ ਨੂੰ ਪਟੜੀਆਂ ਦੇ ਨੇੜੇ ਸੁਰੱਖਿਅਤ ਥਾਵਾਂ ਵੱਲ ਲਿਜਾਇਆ ਜਾ ਰਿਹਾ ਹੈ। ਬੈੱਡਫੋਰਡ ਹਸਪਤਾਲ ਨੇ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰਦੇ ਹੋਏ ਵਾਧੂ ਮੈਡੀਕਲ ਸਟਾਫ਼ ਨੂੰ ਵੀ ਡਿਊਟੀ ‘ਤੇ ਤਾਇਨਾਤ ਕਰ ਦਿੱਤਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦੋਵੇਂ ਰੇਲ ਗੱਡੀਆਂ East Midlands Railway ਦੀਆਂ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇੱਕ ਰੇਲ ਨੇ ਅੱਗੇ ਖੜ੍ਹੀ ਜਾਂ ਹੌਲੀ ਰਫ਼ਤਾਰ ਨਾਲ ਚੱਲ ਰਹੀ ਰੇਲ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰੀ, ਜਿਸ ਕਾਰਨ ਕਈ ਡੱਬਿਆਂ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਇਸ ਬਾਰੇ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਹਾਦਸੇ ਤੋਂ ਬਾਅਦ ਲੰਡਨ ਸੇਂਟ ਪੈਨਕ੍ਰਾਸ ਅਤੇ ਲੈਸਟਰ ਦਰਮਿਆਨ ਰੇਲ ਸੇਵਾਵਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਯਾਤਰੀਆਂ ਨੂੰ ਯਾਤਰਾ ਟਾਲਣ ਜਾਂ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਜ਼ਖ਼ਮੀਆਂ ਜਾਂ ਮੌਤਾਂ ਬਾਰੇ ਅਜੇ ਕੋਈ ਅਧਿਕਾਰਕ ਅੰਕੜਾ ਜਾਰੀ ਨਹੀਂ ਕੀਤਾ ਗਿਆ।
