ਵੱਖ-ਵੱਖ ਵਾਰਡਾਂ ਵਿਚੋਂ ਦਰਜਨਾਂ ਹੋਰ ਨੌਜਆਨਾਂ ਨੇ ਕੀਤੀ ਅਕਾਲੀ ਦਲ ਵਿਚ ਸ਼ਮੂਲੀਅਤ


ਕਿਹਾ, ਮਾਲੇਰਕੋਟਲਾ ਦੀ ਨੁਹਾਰ ਬਦਲਣ ਲਈ ਬੀਬਾ ਜ਼ਾਹਿਦਾ ਸੁਲੇਮਾਨ ਦਾ ਸਾਥ ਦਿਆਂਗੇ
33 ਵਾਰਡਾਂ ਵਿਚ ਅਕਾਲੀ ਦਲ ਮਜ਼ਬੂਤ ਹੋਇਆ, ਸਾਰੇ ਉਮੀਦਵਾਰ ਜਿੱਤਣਗੇ : ਜ਼ਾਹਿਦਾ ਸੁਲੇਮਾਨ
ਮਾਲੇਰਕੋਟਲਾ, (ਮੁਨਸ਼ੀ ਫ਼ਾਰੂਕ) : ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਉਸ ਸਮੇਂ ਪ੍ਰਭਾਵਸ਼ਾਲੀ ਬਲ ਮਿਲਿਆ ਜਦ ਨਗਰ ਕੌਂਸਲ ਦੇ ਵੱਖ-ਵੱਖ ਵਾਰਡਾਂ ਵਿਚੋਂ ਦਰਜਨਾਂ ਨੌਜੁਆਨਾਂ ਨੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿਤਾ। ਦਿਲਚਪਸ ਗੱਲ ਇਹ ਹੈ ਕਿ ਇਹ ਨੌਜੁਆਨ ਆਪ-ਮੁਹਾਰੇ ਅਕਾਲੀ ਦਲ ਦੇ ਸਥਾਨਕ ਦਫ਼ਤਰ ਵਿਚ ਪੁੱਜੇ ਅਤੇ ਅਕਾਲੀ ਦਲ ਦੇ ਝੰਡੇ ਹੇਠ ਸ਼ਹਿਰ ਦੇ ਜਾਗਰੂਕ ਨੌਜੁਆਨਾਂ ਵਲੋਂ ਮਾਲੇਰਕੋਟਲਾ ਨੂੰ ਸਾਫ਼-ਸੁਥਰਾ ਕਰਨ, ਬਿਮਾਰੀਆਂ ਤੋਂ ਨਿਜਾਤ ਦਿਲਾਉਣ ਅਤੇ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਾਉਣ ਲਈ ਵਿੱਢੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਵਿਚ ਸ਼ਾਮਲ ਹੋਣ ਆਏ ਨੌਜੁਆਨਾਂ ਅਕਾਸ਼, ਪਰਮਿੰਦਰ ਸਿੰਘ, ਵਿਕਾਸ ਕੁਮਾਰ, ਗੋਨੀ, ਤਰਨ ਰਾਮਗੜ੍ਹੀਆ, ਅੰਕੁਸ਼ ਲਾਲਾ, ਗੁਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਫ਼ੈਸ਼ਲ ਖ਼ਾਨ, ਗੌਤਮ, ਮੁਕੇਸ਼ ਕੁਮਾਰ, ਅਵਿਆਸ, ਸ਼ੁਭਮ, ਮੁਹੰਮਦ ਫ਼ਾਰੂਕ, ਘਾਨੀ, ਅਮਰਿਤ, ਮੁਹੰਮਦ ਹੈਦਰ, ਹਨੀ, ਮੁਹੰਮਦ ਅਮੀਨ ਅਤੇ ਲਵੀ ਭੁੱਲਰ ਨੇ ਕਿਹਾ ਉਨ੍ਹਾਂ ਨੇ ਬੀਬਾ ਜ਼ਾਹਿਦਾ ਸੁਲੇਮਾਨ ਦੇ ਰੂਪ ਵਿਚ ਪਹਿਲੀ ਬਾਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਮੁੱਦਿਆਂ ਦੀ ਗੱਲ ਕਰਨ ਵਾਲਾ ਨੇਤਾ ਵੇਖਿਆ ਹੈ ਜਿਸ ਤੋਂ ਪ੍ਰਭਾਵਤ ਹੋ ਕੇ ਉਹ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਪੰਜਾਬੀਆਂ ਦੀ ਇਸ ਪਾਰਟੀ ਦੀ ਮਜ਼ਬੂਤੀ ਅਤੇ ਨਗਰ ਕੌਂਸਲ ਲੜ ਰਹੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੰਮ ਕਰਨਗੇ। ਨੌਜੁਆਨਾਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਸਾਰੇ ਵਰਗਾਂ, ਧਰਮਾਂ, ਜਾਤਾਂ ਅਤੇ ਫ਼ਿਰਕਿਆਂ ਦੇ ਲੋਕ ਅਕਾਲੀ ਦਲ ਦੇ ਝੰਡੇ ਹੇਠ ਇਕਜੁਟ ਹੋ ਰਹੇ ਹਨ, ਇਸ ਤੋਂ ਸਪੱਸ਼ਟ ਹੈ ਕਿ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਨੌਜੁਆਨਾਂ ਦਾ ਸੁਆਗਤ ਕੀਤਾ ਅਤੇ ਸਨਮਾਨ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿ ਰੋਜ਼ਾਨਾ ਨੌਜੁਆਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਅਕਾਲੀ ਦਲ ਨਗਰ ਕੌਂਸਲ ਦੇ 33 ਵਾਰਡਾਂ ਵਿਚੋਂ ਮਜ਼ਬੂਤ ਹੋ ਚੁੱਕਾ ਹੈ। ਸਾਰੇ ਵਾਰਡਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲੀ ਲੜਾਈ (ਪੰਚਾਇਤ ਸੰਮਤੀ) ਅਸੀਂ ਜਿੱਤ ਚੁੱਕੇ ਹਾਂ, ਦੂਜੀ ਲੜਾਈ (ਨਗਰ ਕੌਂਸਲ) ਲਈ ਮੈਦਾਨ ਵਿਚ ਗੱਝ ਰਹੇ ਹਾਂ ਅਤੇ ਤੀਜੀ ਲੜਾਈ (ਵਿਧਾਨ ਸਭਾ ਚੋਣਾਂ) ਵਿਚ ਹੂੰਝਾ ਫੇਰਨ ਦਾ ਅਹਿਦ ਕਰਦੇ ਹਾਂ। ਹਰ ਪਾਸੇ ਤੱਕੜੀ ਦੇ ਚੋਣ ਨਿਸ਼ਾਨ ਦਾ ਬੋਲ-ਬਾਲਾ ਹੋਵੇਗਾ ਅਤੇ ਪੰਜਾਬੀਆਂ ਦਾ ਰਾਜ ਸਥਾਪਤ ਹੋਵੇਗਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਹਰਵਿੰਦਰ ਸਿੰਘ ਟਿਵਾਣਾ, ਸ੍ਰੀ ਰਵੀ ਬੱਗਣ, ਅਬਦੁਲ ਸੱਤਾਰ ਪੋਟਰ, ਮੁਹੰਮਦ ਸ਼ਹਿਬਾਜ਼, ਮੁਹੰਮਦ ਅਖ਼ਤਰ ਅਤੇ ਹੋਰ ਕਈ ਨੇਤਾ ਵੀ ਹਾਜ਼ਰ ਸਨ।
