ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਬੱਸਾਂ ਦੀ ਚੈਕਿੰਗ, 8 ਬੱਸਾਂ ਦੇ ਕੱਟੇ ਚਲਾਨ

ਮਾਲੇਰਕੋਟਲਾ, 2 ਮਈ- ( ਮੁਨਸ਼ੀ ਫ਼ਾਰੂਕ) : ਜ਼ਿਲ੍ਹੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾ ਅਧੀਨ ਜਿਲਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਸੁਰੱਖਿਅਤ ਬਣਾਈ ਜਾ ਸਕੇ। ਇਸ ਚੈਕਿੰਗ ਦੌਰਾਨ ਕੁੱਲ 30 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ। ਬਾਲ ਸੁਰੱਖਿਆ ਟੀਮ ਵੱਲੋਂ ਬੱਸਾਂ ਦੇ ਜ਼ਰੂਰੀ ਦਸਤਾਵੇਜ਼ ਜਿਵੇਂ ਰਜਿਸਟ੍ਰੇਸ਼ਨ ਸਰਟੀਫਿਕੇਟ, ਬੀਮਾ, ਫਿਟਨੈਸ ਸਰਟੀਫਿਕੇਟ, ਪ੍ਰਦੂਸ਼ਣ ਪ੍ਰਮਾਣ ਪੱਤਰ ਅਤੇ ਡਰਾਈਵਰਾਂ ਦੇ ਲਾਇਸੰਸ ਆਦਿ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬੱਸਾਂ ਵਿੱਚ ਮੌਜੂਦ ਸੁਰੱਖਿਆ ਉਪਕਰਣਾਂ ਜਿਵੇਂ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਐਮਰਜੈਂਸੀ ਦਰਵਾਜ਼ਾ, ਸਪੀਡ ਗਵਰਨਰ ਅਤੇ ਲੇਡੀ ਅਟੈਂਡੈਂਟ ਦੀ ਉਪਸਥਿਤੀ ਦੀ ਵੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਅਧੀਨ 8 ਸਕੂਲੀ ਬੱਸਾਂ ਵਿੱਚ ਕਮੀਆਂ ਪਾਈਆਂ ਗਈਆਂ, ਜਿਸ ਦੇ ਚਲਦੇ ਇਹਨਾਂ 8 ਬੱਸਾਂ ਦੇ ਚਲਾਨ ਕੀਤੇ ਗਏ। ਇਹ ਚਲਾਨ ਵਰਦੀ ਦੀ ਘਾਟ, ਬੀਮਾ ਦਸਤਾਵੇਜ਼ ਅਧੂਰੇ ਹੋਣ ਅਤੇ ਲੇਡੀ ਅਟੈਂਡੈਂਟ ਦੀ ਗੈਰਹਾਜ਼ਰੀ ਆਦਿ ਕਾਰਨਾਂ ਕਰਕੇ ਕੀਤੇ ਗਏ। ਸੰਬੰਧਿਤ ਸਕੂਲ ਪ੍ਰਬੰਧਕਾਂ ਨੂੰ ਤੁਰੰਤ ਇਹ ਕਮੀਆਂ ਦੂਰ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ।
ਵਿਭਾਗ ਦੀ ਟੀਮ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਹਦਾਇਤ ਦਿੱਤੀ ਕਿ ਜਿਹੜੇ ਵਿਦਿਆਰਥੀ 18 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਮੋਟਰਸਾਈਕਲ ਰਾਹੀਂ ਸਕੂਲ ਆ ਰਹੇ ਹਨ, ਉਨ੍ਹਾਂ ਨੂੰ ਇਸ ਤੋਂ ਰੋਕਿਆ ਜਾਵੇ ਅਤੇ ਇਸਦੇ ਨਾਲ ਹੀ ਮਾਪਿਆਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ ਗਿਆ, ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਖਤਰੇ ਤੋਂ ਬਚਾਇਆ ਜਾ ਸਕੇ। ਇਸ ਮੋਕੇ ਬਾਲ ਸੁਰੱਖਿਆ ਦਫ਼ਤਰ ਤੋਂ ਲੀਗਲ ਅਫਸਰ ਬਾਬੀਤਾ ਕੁਮਾਰੀ, ਪੁਲਿਸ ਵਿਭਾਗ ਤੋਂ ਗੁਰਮੁਖ ਸਿੰਘ, ਸਿੱਖਿਆ ਵਿਭਾਗ ਤੋਂ ਹੈਡਮਾਸਟਰ ਗੁਰਵੀਰ ਸਿੰਘ, ਲਵਪ੍ਰੀਤ ਸਿੰਘ, ਸੋਸ਼ਲ ਵਰਕਰ ਗੁਰਜੰਟ ਸਿੰਘ ਸੋਸ਼ਲ ਵਰਕਰ, ਮੀਡੀਆ ਸਹਾਇਕ ਪਰਗਟ ਸਿੰਘ ਆਦਿ ਹਾਜ਼ਰ ਸਨ।
