ਹਲਕਾ ਸਨੌਰ ਦੇ ਪਿੰਡਾਂ ਦਾ ਦੌਰਾ: ਬਲਜਿੰਦਰ ਸਿੰਘ ਢਿੱਲੋਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਲਈ ਭਰੋਸਾ

0

ਪਟਿਆਲਾ, 1ਮਈ(ਰਾਜਿੰਦਰ ਸਿੰਘ ਥਿੰਦ)ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਐਗਰੋ ਫੂਡ ਦੇ ਚੇਅਰਮੈਨ ਅਤੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਵਲੋਂ ਆਪਣੀ ਟੀਮ ਸਮੇਤ ਹਲਕਾ ਸਨੌਰ ਅਧੀਨ ਪੈਂਦੇ ਪਿੰਡ ਜੁਲਕਾਂ, ਬਿੰਜਲ ਅਤੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਗਿਆ।

ਦੌਰੇ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਗੱਲਬਾਤ ਦੌਰਾਨ ਇਹ ਗੱਲ ਸਪਸ਼ਟ ਹੋਈ ਕਿ ਉਹ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀ ਨਾਲ ਪੂਰੀ ਇਮਾਨਦਾਰੀ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ’ਤੇ ਲੈਂਦੇ ਹਨ।

ਪਿੰਡ ਜੁਲਕਾਂ ਦੇ ਸਰਪੰਚ ਵਲੋਂ ਕਾਂਗਰਸ ਸਰਕਾਰ ਸਮੇਂ ਪਿੰਡ ਨੂੰ ਨਗਰ ਕੌਂਸਲ ਦਾ ਦਰਜਾ ਦੇਣ ’ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਗਿਆ ਕਿ ਹਰਿਆਣਾ ਬਾਰਡਰ ਨਾਲ ਲੱਗਦਾ ਇਹ ਪਿੰਡ ਆਰਥਿਕ ਤੌਰ ’ਤੇ ਕਮਜ਼ੋਰ ਹੈ ਅਤੇ ਲਗਭਗ 80 ਫ਼ੀਸਦੀ ਲੋਕ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ, ਜਿਸ ਕਾਰਨ ਬਿਨਾ ਵਜ੍ਹਾ ਟੈਕਸਾਂ ਦਾ ਬੋਝ ਉਨ੍ਹਾਂ ’ਤੇ ਪੈ ਰਿਹਾ ਹੈ।

ਇਸ ਸਬੰਧੀ ਬਲਜਿੰਦਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸਰਕਾਰ ਤੱਕ ਮਜ਼ਬੂਤੀ ਨਾਲ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਲਈ ਵਚਨਬੱਧ ਹੈ।

ਇਸ ਮੌਕੇ ਉਨ੍ਹਾਂ ਵਲੋਂ ਇਲਾਕੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ। ਮੰਡੀ ਕਰਨ ਬੋਰਡ ਅਧੀਨ ਬਣ ਰਹੀ ਬਿੰਜਲ-ਜੁਲਕਾਂ ਸੜਕ ਦਾ ਨਿਰੀਖਣ ਕਰਦਿਆਂ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਤੋਂ ਮਟੀਰੀਅਲ ਅਤੇ ਗੁਣਵੱਤਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਕੰਮ ਨੂੰ ਮਿਆਰੀ ਢੰਗ ਨਾਲ ਪੂਰਾ ਕਰਨ ਦੀ ਹਦਾਇਤ ਦਿੱਤੀ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਕਾਸ ਕੰਮ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲੇ। ਸੜਕ ਦੀ ਚੌੜਾਈ 18 ਫੁੱਟ ਤੋਂ ਵਧਾ ਕੇ 20 ਫੁੱਟ ਕਰਨ ਨਾਲ ਆਵਾਜਾਈ ਹੋਰ ਸੁਗਮ ਹੋਵੇਗੀ।

ਦੌਰੇ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਅਤੇ ਲੋਕਾਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।

Leave a Reply

Your email address will not be published. Required fields are marked *