ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਤੇ ਅਰਦਾਸ ਸਮਾਗਮ ਦਾ ਆਯੋਜਨ

0

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਅਕਾਦਮਿਕ, ਨੈਤਿਕ, ਸਮਾਜਿਕ ਆਦਿ ਵੱਖ-ਵੱਖ ਖੇਤਰਾਂ ਵਿਚ ਆਪਣੀਆਂ ਖ਼ਾਸ ਪ੍ਰਾਪਤੀਆਂ ਸਦਕਾ ਮਾਲਵਾ ਖੇਤਰ ਦੀ ਇਕ ਨਾਮਵਰ ਵਿੱਦਿਅਕ ਸੰਸਥਾ ਵੱਜੋਂ ਪਛਾਣ ਬਣਾ ਚੁਕੀ ਹੈ। ਵਰਤਮਾਨ ਚਲ ਰਹੇ ਸੈਸ਼ਨ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਮਈ ਦੇ ਪਹਿਲੇ ਹਫਤੇ ਵਿਚ ਖਤਮ ਹੋ ਜਾਣੀਆਂ ਹਨ। ਉਪਰੰਤ 12 ਮਈ ਤੋਂ ਸਮੈਸਟਰ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ। ਇਸ ਮੌਕੇ ਸਰਵਪੱਖੀ ਵਿਕਾਸ ਦੇ ਆਪਣੇ ਮਿਸ਼ਨ ਦੇ ਤਹਿਤ ਅਕਾਲ ਯੂਨੀਵਰਸਿਟੀ ਵਿਚ ਇਕ ਕੀਰਤਨ ਤੇ ਅਰਦਾਸ ਸਮਾਗਮ ਉਲੀਕਿਆ ਗਿਆ, ਜਿਸ ਵਿਚ ਦੋ ਦਿਨ ਤੋਂ ਜਾਰੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਸਮਾਗਮ ਸਮੂਹ ਵਿਦਿਆਰਥੀਆਂ ਵੱਲੋਂ ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਅਕਾਲ ਪੁਰਖ ਅੱਗੇ ਪ੍ਰੀਖਿਆਵਾਂ ਵਿਚ ਸਫਲਤਾ, ਸਦਾ ਚੜਦੀਕਲਾ ਵਿਚ ਰਹਿਣ ਅਤੇ ਵਿੱਦਿਆ ਦਾ ਦਾਨ ਗ੍ਰਹਿਣ ਕਰਨ ਲਈ ਅਰਦਾਸ ਕਰਦਿਆਂ ਗੁਰਮਤਿ ਸਮਾਗਮ ਵਿਚ ਹਿੱਸਾ ਲਿਆ। ਸਮਾਗਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜਿੱਥੇ ਸ਼ਬਦ ਕੀਰਤਨ ਕੀਤਾ, ਉੱਥੇ ਕਵਿਤਾ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਮੰਚ ਤੋਂ ਗੁਰਮਤਿ ਉਪਦੇਸ਼ਾਂ ਵਾਲੀਆਂ ਸਾਖੀਆਂ ਵੀ ਪੇਸ਼ ਕੀਤੀਆਂ। ਹਾਜ਼ਰੀਨ ਨੇ ਬੜੀ ਸ਼ਰਧਾ ਨਾਲ ਗੁਰ ਦਰਬਾਦ ਵਿਚ ਕੀਰਤਨ ਦਾ ਆਨੰਦ ਮਾਣਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਫਲ ਹੋਣ ਲਈ ਆਪਣੇ ਭਵਿੱਖ ਦੀ ਯੋਜਨਾਬੰਦੀ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨਾਲ ਗੁਰੂ ਸਾਹਿਬਾਨਾਂ ਤੇ ਗੁਰਮੁਖ ਸ਼ਖ਼ਸੀਅਤਾਂ ਦੇ ਸੰਘਰਸ਼ਮਈ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਇਕ ਰੋਚਕ ਸੰਵਾਦ ਰਚਾਇਆ। ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਹੋਣ ਜਾ ਰਹੀਆਂ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ ਵੀ ਵਿਦਿਆਰਥੀਆਂ ਨੂੰ ਮੁਖਾਤਿਬ ਹੋਏ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਂ ਸੰਬੰਧੀ ਧਿਆਨ ਵਿਚ ਰੱਖਣਯੋਗ ਮਹੱਤਵਪੂਰਨ ਨੁਕਤੇ ਵੀ ਦੱਸੇ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ ਡਾ. ਗੁਰਚਰਨ ਸਿੰਘ ਲਾਂਬਾ, ਰਜਿਸਟਰਾਰ ਡਾ. ਸਵਰਨ ਸਿੰਘ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਤਮਸਤਕ ਹੋਏ।

Leave a Reply

Your email address will not be published. Required fields are marked *