ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਤਿੱਖਾ ਪ੍ਰਦਰਸ਼ਨ, ਸਮੱਸਿਆ ਨਾ ਸੁਲਝੀ ਤਾਂ ਵੱਡੇ ਸੰਘਰਸ਼ ਦੀ ਚੇਤਾਵਨੀ

ਛੇਹਰਟਾ, 30 ਅਪ੍ਰੈਲ (ਕਮਲ ਸ਼ਮਸ਼ੇਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਾਕੇ ਵਿੱਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਦੇ ਖ਼ਿਲਾਫ਼ ਅੱਜ ਹਲਕਾ ਪੱਛਮੀ ਅਧੀਨ ਪੈਂਦੇ ਖੰਡਵਾਲਾ, ਛੇਹਰਟਾ ਵਿਖੇ ਪੱਛਮੀ ਉਪ ਮੰਡਲ ਬਿਜਲੀ ਘਰ ਦੇ ਸਾਹਮਣੇ ਤਿੱਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਪੱਛਮੀ ਇੰਚਾਰਜ ਦਿਲਬਾਗ ਸਿੰਘ ਅੰਨਗੜ੍ਹ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪਿਟ ਸਿਆਪਾ ਕੀਤਾ ਗਿਆ ਅਤੇ ਸਰਕਾਰ ਦੀਆਂ ਨੀਤੀਆਂ ‘ਤੇ ਕੜੀ ਨਿੰਦਾ ਜਤਾਈ ਗਈ। ਆਗੂਆਂ ਨੇ ਦੋਸ਼ ਲਗਾਇਆ ਕਿ ਗਰਮੀ ਦੇ ਮੌਸਮ ਵਿੱਚ ਜਿੱਥੇ ਬਿਜਲੀ ਦੀ ਮੰਗ ਵਧ ਜਾਂਦੀ ਹੈ, ਉੱਥੇ ਬਿਜਲੀ ਵਿਭਾਗ ਵੱਲੋਂ ਬਿਨਾਂ ਕਿਸੇ ਯੋਜਨਾ ਦੇ ਲੰਮੇ ਕੱਟ ਲਗਾਏ ਜਾ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਘਰੇਲੂ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਛੋਟੇ ਬੱਚੇ ਗਰਮੀ ਵਿੱਚ ਪਰੇਸ਼ਾਨ ਹਨ, ਬਜ਼ੁਰਗ ਅਤੇ ਬਿਮਾਰ ਵਿਅਕਤੀ ਘੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਵਪਾਰੀਆਂ ਅਤੇ ਦਿਹਾੜੀਦਾਰ ਮਜ਼ਦੂਰਾਂ ਦੀ ਰੋਜ਼ੀ-ਰੋਟੀ ‘ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ਵਿੱਚ ਘੰਟਿਆਂ ਤੱਕ ਬਿਜਲੀ ਗਾਇਬ ਰਹਿੰਦੀ ਹੈ, ਜਿਸ ਨਾਲ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨ ਉਪਰੰਤ ਅਕਾਲੀ ਆਗੂਆਂ ਵੱਲੋਂ ਪੱਛਮੀ ਉਪ ਮੰਡਲ ਬਿਜਲੀ ਘਰ ਦੇ ਐਸਡੀਓ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਵਿੱਚ ਇਲਾਕੇ ਦੀ ਬਿਜਲੀ ਸਪਲਾਈ ਨੂੰ ਤੁਰੰਤ ਸੁਧਾਰਨ, ਬਿਨਾਂ ਲੋੜ ਦੇ ਕੱਟਾਂ ‘ਤੇ ਰੋਕ ਲਗਾਉਣ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਗਈ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪਾਰਟੀ ਵੱਲੋਂ ਹੋਰ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਸੜਕਾਂ ‘ਤੇ ਉਤਰ ਕੇ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਮੈਂਬਰ ਪੀਸੀਏ ਤਰਸੇਮ ਸਿੰਘ ਚੰਗਿਆੜਾ, ਸਵਿੰਦਰ ਸਿੰਘ ਕੋਟਕਾਲਸਾ, ਗੁਰਪ੍ਰੀਤ ਸਿੰਘ ਵਡਾਲੀ, ਹਰਭਜਨ ਸਿੰਘ ਖੰਡਾ, ਰਣਧੀਰ ਸਿੰਘ ਗੋਰਾ, ਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਪਰਮਜੀਤ ਸਿੰਘ ਵਡਾਲੀ, ਕੁਲਦੀਪ ਸਿੰਘ, ਤਰਸੇਮ ਸਿੰਘ ਮੋਟੇ, ਬਿਕਰਮ ਸਿੰਘ, ਲਾਲਜੀਤ ਸਿੰਘ, ਸੰਦੀਪ ਸਿੰਘ ਨਰਾਇਣਗੜ੍ਹ, ਵਿਸਾਖਾ ਸਿੰਘ, ਅਮਨਕੋਟ ਖਾਲਸਾ, ਅਵਤਾਰ ਸਿੰਘ ਭੰਗੂ, ਮਲਕੀਆਤ ਖਾਲਸਾ, ਕੈਪਟਨ ਜਗਤਾਰ ਸਿੰਘ, ਕੈਪਟਨ ਮੁਖਤਾਰ ਸਿੰਘ, ਕੈਪਟਨ ਹਰਬੰਸ ਸਿੰਘ, ਮੁਖਤਿਆਰ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ ਭੋਲਾ, ਸੰਦੀਪ ਮੱਖਣ ਸਿੰਘ, ਧਰਮਵੀਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।
