ਮਜੀਠਾ ‘ਚ ਹੰਗਾਮਾ, ‘ਆਪ’ ਅਤੇ ਅਕਾਲੀ ਦਲ ਦੇ ਮੈਂਬਰਾਂ ਵਿਚਾਲੇ ਝੜਪ

0

ਜਾਅਲੀ ਵੋਟਾਂ ਪਾਉਣ ਦੇ ਵਿਰੋਧ ‘ਚ ਮਜੀਠੀਆ ਦੀ ਪੁਲਿਸ ਨਾਲ ਬਹਿਸ

ਮਜੀਠਾ, 26 ਮਈ (ਨਿਊਜ਼ ਟਾਊਨ ਨੈਟਵਰਕ) : ਨਗਰ ਕੌਂਸਲ ਮਜੀਠਾ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਹੋਏ ਝਗੜੇ ਵਿੱਚ ਦੋ ਅਕਾਲੀ ਵਰਕਰ ਜ਼ਖ਼ਮੀ ਹੋ ਗਏ। ਅਕਾਲੀ ਵਰਕਰਾਂ ਦੀ ਸੁਣਵਾਈ ਨਾ ਹੁੰਦਿਆਂ ਵੇਖ ਬਿਕਰਮ ਸਿੰਘ ਮਜੀਠੀਆ ਮੌਕੇ ‘ਤੇ ਪਹੁੰਚੇ ਅਤੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ ਕਾਸਿਮ ਨਾਲ ਬਹਿਸਦੇ ਹੋਏ ਨਜ਼ਰ ਆਏ। ਥਾਣਾ ਮਜੀਠਾ ਵਿੱਚ ਜਦੋਂ ਬਿਕਰਮ ਸਿੰਘ ਮਜੀਠੀਆ ਪਹੁੰਚੇ ਤਾਂ ਉੱਥੇ ‘ਆਪ’ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਪਹੁੰਚ ਗਏ। ਇਸ ਦੌਰਾਨ ਮਜੀਠੀਆ ਵੱਲੋਂ ਪੁਲਿਸ ਉੱਪਰ ਪੰਜਾਬ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰਨ ਦੇ ਦੋਸ਼ ਲਗਾਏ ਗਏ, ਜਦੋਂ ਕਿ ਐੱਸਐੱ ਪੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਾ ਕਰਨ ਦੀ ਗੱਲ ਕਹੀ ਗਈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਜਾਵੇ ਅਤੇ ਉਹੀ ਜ਼ਖ਼ਮੀ ਨੌਜਵਾਨ ਪੁਲਿਸ ਅੱਗੇ ਇਨਸਾਫ਼ ਲਈ ਹੱਥ ਜੋੜਦਾ ਫਿਰੇ ਪਰ ਫਿਰ ਵੀ ਇਨਸਾਫ਼ ਨਾ ਮਿਲੇ ਤਾਂ ਸਮਝ ਲਵੋ ਕਿ ਮਜੀਠਾ ਵਿੱਚ ਕਾਨੂੰਨ ਨਹੀਂ, ਸਗੋਂ ਭਗਵੰਤ ਮਾਨ ਦੇ ਗੁੰਡਿਆਂ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਐੱਸ ਐੱਸ ਪੀ ਹੁਣ ਕਾਨੂੰਨ ਦਾ ਨਹੀਂ, ਸਗੋਂ ਆਮ ਆਦਮੀ ਪਾਰਟੀ ਦਾ ਕਠਪੁਤਲੀ ਅਧਿਕਾਰੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਜੀਠਾ ਵਿੱਚ ਸ਼ਰੇਆਮ ਗੁੰਡਾਗਰਦੀ, ਧੱਕੇਸ਼ਾਹੀ ਅਤੇ ਕਾਨੂੰਨ ਦਾ ਨੰਗਾ ਨਾਚ ਹੋ ਰਿਹਾ ਹੈ ਕਿਉਂਕਿ ਪੁਲਿਸ ਨੂੰ ਲੋਕਾਂ ਦੀ ਨਹੀਂ, ਬਲਕਿ ਭਗਵੰਤ ਮਾਨ ਦੀ ਕੁਰਸੀ ਦੀ ਚਿੰਤਾ ਹੈ। ਉਧਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਮਜੀਠੀਆ ਨੇ ਆ ਕੇ ਮਾਹੌਲ ਖ਼ਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਬਾਹਰੋਂ ਗੁੰਡੇ ਲੈ ਕੇ ਆਇਆ ਸੀ ਅਤੇ ਇੱਥੇ ਆ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਗਲ਼ ਪਿਆ। ਇੱਥੋਂ ਤੱਕ ਕਿ ਜਬਰੀ ਇੱਕ ਵਰਕਰ ਨੂੰ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ।ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਉਸ ਦੀ ਪੱਗ ਨਹੀਂ ਉਤਾਰੀ, ਸਗੋਂ ਉਸ ਦੀ ਪੱਗ ਆਪ ਹੀ ਡਿੱਗਣ ਕਾਰਨ ਲੱਥੀ ਹੈ। ਗਿੱਲ ਨੇ ਕਿਹਾ ਕਿ ਹੁਣ ਮਜੀਠੀਆ ਦੀਆਂ ਧੱਕੇਸ਼ਾਹੀਆਂ ਨਹੀਂ ਚੱਲਣਗੀਆਂ। ਦੱਸ ਦੇਈਏ ਕਿ ਅੱਜ ਸਾਰਾ ਦਿਨ ਇੱਥੇ ਮਾਹੌਲ ਤਣਾਅਪੂਰਨ ਹੀ ਬਣਿਆ ਰਿਹਾ।

Leave a Reply

Your email address will not be published. Required fields are marked *