ਗਿੱਦੜਬਾਹਾ ‘ਚ ‘ਆਪ’ ਤੇ ਅਕਾਲੀ ਵਰਕਰਾਂ ਵਿਚਾਲੇ ਹੱਥੋਪਾਈ

0

ਗਲੀਆਂ ਤੇ ਬਾਜ਼ਾਰਾਂ ’ਚ ਵੀ ਹੋਈ ਖਿੱਚਧੂਹ, ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 26 ਮਈ (ਨਿਊਜ਼ ਟਾਊਨ ਨੈਟਵਰਕ) : ਗਿੱਦੜਬਾਹਾ ਨਗਰ ਕੌਂਸਲ ਚੋਣਾਂ ਦੌਰਾਨ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਵਾਰਡ ਨੰਬਰ 18 ਅਤੇ 19 ਦੇ ਪੋਲਿੰਗ ਬੂਥਾਂ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਸ ਵਿੱਚ ਭਿੜ ਗਏ। ਦੋਵਾਂ ਧਿਰਾਂ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਦੌਰਾਨ ਲੱਤਾਂ ਤੇ ਘਸੁੰਨ ਚੱਲੇ, ਜਿਸ ਕਾਰਨ ਪੋਲਿੰਗ ਬੂਥ ’ਤੇ ਅਫ਼ਰਾ-ਤਫ਼ਰੀ ਮਚ ਗਈ। ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਵਾਦ ਇੰਨਾ ਵਧ ਗਿਆ ਕਿ ਅਕਾਲੀ ਆਗੂਆਂ ਨੂੰ ਗਲੀਆਂ- ਬਾਜ਼ਾਰਾਂ ਵਿੱਚ ਭਜਾਇਆ ਗਿਆ। ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇੱਕ-ਦੂਜੇ ’ਤੇ ਬਾਹਰੋਂ ਲੋਕਾਂ ਨੂੰ ਲਿਆ ਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਅਤੇ ਵੋਟਿੰਗ ਵਿੱਚ ਖਲਲ ਪਾਉਣ ਦੇ ਗੰਭੀਰ ਦੋਸ਼ ਲਗਾਏ। ਦੱਸਿਆ ਜਾ ਰਿਹਾ ਹੈ ਕਿ ਇਸੇ ਹੰਗਾਮੇ ਦੌਰਾਨ ਹਲਕਾ ਵਿਧਾਇਕ ਡਿੰਪੀ ਢਿੱਲੋਂ ਦੇ ਪੀਏ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਕਾਲੀ ਆਗੂ ਚਰਨਜੀਤ ਸਿੰਘ ਭੂੰਦੜ ਅਤੇ ਹੋਰ ਵਰਕਰਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਦੂਜੇ ਪਾਸੇ, ‘ਆਪ’ ਵਰਕਰਾਂ ਨੇ ਵੀ ਅਕਾਲੀ ਦਲ ਦੇ ਸਮਰਥਕਾਂ ’ਤੇ ਪਹਿਲਾਂ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ਹੰਗਾਮੇ ਕਾਰਨ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਆਏ ਆਮ ਲੋਕਾਂ ਵਿੱਚ ਭਾਜੜ ਮਚ ਗਈ। ਖ਼ਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗ ਵੋਟਰਾਂ ਵਿੱਚ ਡਰ ਦਾ ਮਾਹੌਲ ਦੇਖਿਆ ਗਿਆ। ਇਸ ਘਟਨਾ ਨੇ ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ’ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਵਿਰੋਧੀ ਧਿਰਾਂ ਨੇ ਦੋਸ਼ ਲਗਾਇਆ ਹੈ ਕਿ ਸਥਾਨਕ ਪ੍ਰਸ਼ਾਸਨ ਅਤੇ ਪੁਲੀਸ ਨਿਰਪੱਖ ਤੇ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਏ ਹਨ। ਗਿੱਦੜਬਾਲ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਨੇ ਕਿਹਾ ਕਿ ਲੰਬੀ ਅਤੇ ਮਲੋਟ ਹਲਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ‘ਚ ਅਕਾਲੀ ਵਰਕਰ ਅਤੇ ਅਕਾਲੀ ਆਗੂ ਗਿੱਦੜਬਾਹਾ ਵਿੱਚ ਆ ਕੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਸਨ ਜਿਸ ਕਰਕੇ ਕਹਾ ਸੁਣੀ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬਾਹਰੀ ਕਿਸੇ ਬਾਹਰੀ ਵਿਅਕਤੀ ਨੂੰ ਗਿੱਦੜਬਾਹਾ ਚੋਣਾਂ ਵਿੱਚ ਦਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ। ਮਨਮੀਤ ਸਿੰਘ ਢਿੱਲੋ ਐਸਪੀ (ਡੀ) ਦਾ ਕਹਿਣਾ ਹੈ ਕਿ ਤੇ ਗਿੱਦੜਬਾਹਾ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ।

Leave a Reply

Your email address will not be published. Required fields are marked *