ਮੋਹਾਲੀ, ਡੇਰਾਬੱਸੀ ਤੇ ਖਰੜ ਦੀਆਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਦਾਲਤੀ ਕੰਪਲੈਕਸਾਂ ਦੀ ਚੈਕਿੰਗ, 5 ਜੂਨ ਤਕ ਬਾਹਰੀ ਲੋਕਾਂ ਦੀ ਐਂਟਰੀ ’ਤੇ ਰੋਕ
ਮੋਹਾਲੀ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ, ਡੇਰਾਬੱਸੀ ਅਤੇ ਖਰੜ ਦੀਆਂ ਅਦਾਲਤਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਪੂਰੇ ਜ਼ਿਲ੍ਹੇ ਵਿੱਚ ਹੜਕੰਪ ਮਚ ਗਿਆ ਹੈ। ਇਹ ਧਮਕੀ ਭਰੀ ਈ-ਮੇਲ ਲੰਘੀ 1 ਜੂਨ ਨੂੰ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਦਾਲਤੀ ਕੰਪਲੈਕਸਾਂ ਵਿੱਚ 3 ਜੂਨ ਤੋਂ 5 ਜੂਨ ਤੱਕ ਆਮ ਲੋਕਾਂ ਦੀ ਐਂਟਰੀ ’ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਹੁਣ ਅਦਾਲਤਾਂ ਦੇ ਅੰਦਰ ਸਿਰਫ਼ ਮੁਲਜ਼ਮਾਂ, ਲਿਟੀਗੈਂਟਸ ਅਤੇ ਸਰਕਾਰੀ ਸਟਾਫ਼ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਅੱਜ ਸਵੇਰੇ ਮੋਹਾਲੀ ਅਦਾਲਤ ਵਿੱਚ ਸੁਰੱਖਿਆ ਕਾਰਨਾਂ ਕਰਕੇ ਐਂਟਰੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਬੰਬ ਨਿਰੋਧਕ ਦਸਤੇ ਅਤੇ ਐਂਟੀ-ਸਬੋਤਾਜ ਟੀਮ ਵੱਲੋਂ ਸਵੇਰ ਤੋਂ ਹੀ ਪੂਰੇ ਕੋਰਟ ਕੰਪਲੈਕਸ ਨੂੰ ਬਾਰੀਕੀ ਨਾਲ ਸਕੈਨ ਅਤੇ ਸੈਨੀਟਾਈਜ਼ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਇਮਾਰਤ ਨੂੰ ਸੁਰੱਖਿਅਤ ਐਲਾਨਣ ਤੋਂ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਹੀ ਅਦਾਲਤਾਂ ਦਾ ਸਰਕਾਰੀ ਕੰਮਕਾਜ ਮੁੜ ਸ਼ੁਰੂ ਹੋ ਸਕਿਆ। ਸੁਰੱਖਿਆ ਦੇ ਮੱਦੇਨਜ਼ਰ ਨਿਆਂਇਕ ਅਧਿਕਾਰੀਆਂ (ਜੱਜਾਂ) ਨੇ ਆਪਣੇ ਪੀ.ਐੱਸ.ਓ. ਅਤੇ ਨਾਇਬ ਕੋਰਟਾਂ ਨੂੰ ਕਿਸੇ ਵੀ ਸ਼ੱਕੀ ਵਸਤੂ ਜਾਂ ਹਰਕਤ ‘ਤੇ ਤਿੱਖੀ ਨਜ਼ਰ ਰੱਖਣ ਅਤੇ ਵਧੇਰੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮੁਹਾਲੀ ਜ਼ਿਲ੍ਹੇ ਦੀਆਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਇਹ ਤੀਜੀ ਘਟਨਾ ਹੈ, ਜਿਸ ਕਾਰਨ ਨਿਆਂਇਕ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਧਮਕੀਆਂ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਪਰ ਬਾਰ-ਬਾਰ ਅਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਅਤੇ ਸਰਕਾਰ ਵੱਲੋਂ ਕੋਈ ਪੁਖ਼ਤਾ ਹੱਲ ਨਾ ਲੱਭਿਆ ਜਾਣਾ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
