ਮਾਲੇਰਕੋਟਲਾ ਜ਼ਿਲਾ ਪ੍ਰੈਸ ਕਲੱਬ ਨੇ ਕੌਂਸਲਰ ਦੀ ਚੋਣ ਜਿੱਤੇ ਪੱਤਰਕਾਰ ਮੁਨਸ਼ੀ ਫਾਰੂਕ ਦਾ ਕੀਤਾ ਸਨਮਾਨ

ਨਗਰ ਕੌਂਸਲ ‘ਚ ਪੱਤਰਕਾਰਾਂ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ : ਮੁਨਸ਼ੀ ਫਾਰੂਕ————————————————————————————————ਮਾਲੇਰਕੋਟਲਾ, 2 ਜੂਨ (ਪੱਤਰ ਪ੍ਰੇਰਕ ) ਮਾਲੇਰਕੋਟਲਾ ਦੇ ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਕੇ ਕੌਂਸਲਰ ਬਣੇ ਸੀਨੀਅਰ ਪੱਤਰਕਾਰ ਮੁਨਸ਼ੀ ਫਾਰੂਕ ਅਹਿਮਦ ਦਾ ਸਨਮਾਨ ਕਰਨ ਲਈ ਅੱਜ ਮਾਲੇਰਕੋਟਲਾ ਜ਼ਿਲਾ ਪ੍ਰੈਸ ਕਲੱਬ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਪ੍ਰੈਸ ਕਲੱਬ ਦੇ ਜ਼ਿਲਾ ਪ੍ਰਧਾਨ ਸ਼ਹਾਬੂਦੀਨ ਦੀ ਪ੍ਰਧਾਨਗੀ ਹੇਠ ਇੱਕ ਸਾਦੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ।ਸਭ ਤੋਂ ਪਹਿਲਾਂ ਸਮੂਹ ਕਲੱਬ ਮੈਂਬਰਾਂ ਵੱਲੋਂ ਆਪਣੇ ਸੀਨੀਅਰ ਸਾਥੀ ਮੁਨਸ਼ੀ ਫਾਰੂਕ ਅਹਿਮਦ ਨੂੰ ਕੌਂਸਲ ਚੋਣਾਂ ‘ਚ ਮਿਲੀ ਸ਼ਾਨਾਮਤੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਰਿਆਂ ਵੱਲੋਂ ਮੁਨਸ਼ੀ ਫਾਰੂਕ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਤੋਂ ਉਪਰੰਤ ਹਾਜ਼ਰ ਸਮੂਹ ਪੱਤਰਕਾਰਾਂ ਨੇ ਆਪਣੇ ਸਾਥੀ ਪੱਤਰਕਾਰ ਮੁਨਸ਼ੀ ਫਾਰੂਕ ਜੀ ਨੂੰ ਲੋਈ ਤੇ ਯਾਦਾਗਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਉਮੀਦ ਜਤਾਈ ਕਿ ਮੁਨਸ਼ੀ ਫਾਰੂਕ ਜੀ ਨਗਰ ਕੌਂਸਲ ਅੰਦਰ ਜਿਥੇ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਕੇ ਬੋਲਣਗੇ ਉਥੇ ਸਾਡੇ ਸ਼ਹਿਰ ਅੰਦਰਲੇ ਲੋੜੀਂਦੇ ਮੁੱਦਿਆਂ ਦੀ ਆਵਾਜ਼ ਚੁੱਕ ਕੇ ਉਨ੍ਹਾਂ ਦਾ ਹੱਲ ਕਰਵਾਉਣ ਦੇ ਨਾਲ-ਨਾਲ ਆਪਣੇ ਪੱਤਰਕਾਰ ਭਾਈਚਾਰੇ ਦੇ ਹੱਕਾਂ ਲਈ ਵੀ ਲੜਣਗੇ। ਪ੍ਰੈਸ ਕਲੱਬ ਦੇ ਜ਼ਿਲਾ ਪ੍ਰਧਾਨ ਸ਼ਹਾਬੂਦੀਨ ਨੇ ਮੁਨਸ਼ੀ ਜੀ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਸਾਡੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲਾ ਪ੍ਰੈਸ ਕਲੱਬ ਦੇ ਇੱਕ ਸੀਨੀਅਰ ਮੈਂਬਰ ਮੁਨਸ਼ੀ ਫਾਰੂਕ ਜੀ ਨਗਰ ਕੌਂਸਲ ਦੇ ਚੋਣ ਦੰਗਲ ‘ਚ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿੰਦੇ ਹੋਏ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਮਾਲੇਰਕੋਟਲਾ ਦੀ ਨਗਰ ਕੌਂਸਲ ‘ਚ ਪੁੱਜੇ ਹਨ। ਪ੍ਰਧਾਨ ਸ਼ਹਾਬੂਦੀਨ ਨੇ ਕਿਹਾ ਕਿ ਮੁਨਸ਼ੀ ਫਾਰੂਕ ਜੀ ਦੀ ਸ਼ਾਨਦਾਰ ਜਿੱਤ ‘ਤੇ ਜਿਥੇ ਮੈਂ ਸਮੁੱਚੇ ਮਾਲੇਰਕੋਟਲਾ ਜ਼ਿਲਾ ਪ੍ਰੈਸ ਕਲੱਬ ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਉਥੇ ਚੋਣਾਂ ਦੌਰਾਨ ਮੁਨਸ਼ੀ ਫਾਰੂਕ ਦੇ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਮਿਹਨਤ ਕਰਨ ਵਾਲੀ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਕਿ ਉਨ੍ਹਾਂ ਸਾਰਿਆਂ ਦੀ ਮਿਹਨਤ ਰੰਗ ਲਿਆਈ ਹੈ ਤੇ ਮੁਨਸ਼ੀ ਜੀ ਸ਼ਾਨਾਮਤੀ ਜਿੱਤ ਹਾਸਲ ਕਰਕੇ ਨਗਰ ਕੌਂਸਲ ‘ਚ ਪੁੱਜੇ ਹਨ।ਇਸ ਦੇ ਨਾਲ ਹੀ ਮੈਂ ਵਾਰਡ ਨੰਬਰ 22 ਦੇ ਸੂਝਵਾਨ ਵੋਟਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਦੇ ਹੋਏ ਆਪਣਾ ਨੁਮਾਇੰਦਾ ਇੱਕ ਪੜ੍ਹਿਆ-ਲਿਖਿਆ, ਸੂਝਵਾਨ ਤੇ ਤਜ਼ਰਬੇਕਾਰ ਆਗੂ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਮੁਨਸ਼ੀ ਫਾਰੂਕ ਜੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਬਹੁਤ ਨੇੜੇ ਤੋਂ ਭਲੀਭਾਂਤ ਜਾਣਦੇ ਤੇ ਸਮਝਦੇ ਹਨ।ਨਗਰ ਕੌਂਸਲ ‘ਚੋਂ ਆਪਣੇ ਵਾਰਡ ਵਾਸੀਆਂ ਦੇ ਕੰਮਕਾਰ ਕਿਸ ਤਰ੍ਹਾਂ ਅਤੇ ਕਿਵੇਂ ਕਰਵਾਉਣੇ ਹਨ ਇਸ ਸਬੰਧੀ ਮੁਨਸ਼ੀ ਜੀ ਨੂੰ ਪੂਰਾ ਤਜ਼ਰਬਾ ਹੈ ਕਿਉਂਕਿ ਉਹ ਕੌਂਸਲਰ ਬਨਣ ਤੋਂ ਪਹਿਲਾਂ ਵੀ ਲੋਕਾਂ ਦੇ ਕੰਮਕਾਰ ਕਰਵਾਉਂਦੇ ਰਹੇ ਹਨ।ਦੂਜਾ ਨਗਰ ਕੌਂਸਲ ਅਮਲੇ ਨੂੰ ਵੀ ਪਤਾ ਹੈ ਕਿ ਮੁਨਸ਼ੀ ਜੀ ਨੂੰ ਨਗਰ ਕੌਂਸਲ ਦੇ ਕੰਮਾਂ ਬਾਰੇ ਰਗ-ਰਗ ਦੀ ਜਾਣਕਾਰੀ ਹੈ।ਇਸ ਲਈ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਕੰਮ ਕਰਨ ਤੋਂ ਟਾਲਾ ਨਹੀਂ ਮਾਰ ਸਕਦਾ। ਇਸ ਕਰਕੇ ਮੁਨਸ਼ੀ ਫਾਰੂਕ ਜੀ ਦੇ ਵਾਰਡ ਨੰਬਰ 22 ‘ਚ ਵਿਕਾਸ ਦੇ ਸਾਰੇ ਕੰਮ ਪਹਿਲ ਦੇ ਆਧਾਰ ‘ਤੇ ਤਸੱਲੀ ਬਖਸ਼ ਹੋਣਗੇ।ਅਖੀਰ ‘ਚ ਅਸੀਂ ਉਮੀਦ ਕਰਦੇ ਹਾਂ ਕਿ ਮੁਨਸ਼ੀ ਫਾਰੂਕ ਜੀ ਜਿਥੇ ਆਪਣੇ ਵਾਰਡ ਨੂੰ ਸ਼ਹਿਰ ਦਾ ਸਭ ਤੋਂ ਸੁੰਦਰ ਵਾਰਡ ਬਨਾਉਣ ਲਈ ਆਵਾਜ਼ ਬੁਲੰਦ ਕਰਨਗੇ ਉਥੇ ਆਪਣੇ ਪੱਤਰਕਾਰ ਭਾਈਚਾਰੇ ਨੂੰ ਵੀ ਨਗਰ ਕੌਂਸਲ ਅੰਦਰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਆਵਾਜ਼ ਚੁੱਕਣਗੇ। ਕੌਂਸਲਰ ਮੁਨਸ਼ੀ ਫਾਰੂਕ ਨੇ ਸਭ ਤੋਂ ਪਹਿਲਾਂ ਜ਼ਿਲਾ ਪ੍ਰੈਸ ਕਲੱਬ ਵੱਲੋਂ ਅੱਜ ਉਨ੍ਹਾਂ ਦਾ ਸਨਮਾਨ ਕਰਨ ਲਈ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਵੱਡੇ ਭਰਾ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੇਰੇ ਇੱਕ ਵਾਰ ਕਹਿਣ ‘ਤੇ ਹੀ ਮੈਨੂੰ ਆਪ ਪਾਰਟੀ ਦੀ ਟਿਕਟ ਦੇ ਕੇ ਕਿਹਾ ਕਿ ਮੁਨਸ਼ੀ ਜੀ ਤੁਸੀਂ ਆਪਣੀ ਤਿਆਰੀ ਖਿੱਚੋਂ ਇਹ ਸੀਟ ਤੁਹਾਡੀ ਹੈ। ਮੁਨਸ਼ੀ ਫਾਰੂਕ ਨੇ ਆਪਣੇ ਵਾਰਡ ਨੂੰ ਸ਼ਹਿਰ ਅੰਦਰ ਨਮੂੰਨੇ ਦਾ ਸਭ ਤੋਂ ਵਧੀਆਂ ਅਤੇ ਸਾਫ-ਸੁਥਰਾ ਵਾਰਡ ਬਣਾਉਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਚੋਣ ਮੁਹਿੰਮ ਦੌਰਾਨ ਮੇਰੇ ਵਾਰਡ ਦੇ ਵੋਟਰਾਂ ਤੇ ਸਪੋਰਟਰਾਂ ਦਾ ਜਜ਼ਬਾ ਅਤੇ ਉਤਸ਼ਾਹ ਕਾਬਿਲ-ਏ-ਤਾਰੀਫ ਰਿਹਾ ਹੈ।ਹਰ ਇਕ ਸਾਥੀ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਹੈ, ਜਿਸ ਸਦਕਾ ਮੈਨੂੰ ਇਹ ਸ਼ਾਨਦਾਰ ਜਿੱਤ ਮਿਲੀ ਹੈ। ਮੁਨਸ਼ੀ ਫਾਰੂਕ ਨੇ ਕਿਹਾ ਕਿ ਕੜਾਕੇ ਦੀ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਮੇਰੀ ਸਮੁੱਚੀ ਟੀਮ ਦੇ ਵਰਕਰ ਸਵੇਰ ਤੋਂ ਦੇਰ ਰਾਤ ਤੱਕ ਲੋਕਾਂ ‘ਚ ਹੀ ਰਹੇ ਅਤੇ ਚੋਣ ਪ੍ਰਚਾਰ ਨੂੰ ਮਜ਼ਬੂਤੀ ਨਾਲ ਚਲਾਇਆ।ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ ਇਕ ਉਮੀਦਵਾਰ ਦੀ ਨਹੀਂ, ਸਗੋਂ ਪੂਰੇ ਵਾਰਡ ਦੇ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਦੀ ਚੋਣ ਸੀ।ਇਸ ਦੌਰਾਨ ਵਾਰਡ ਨਿਵਾਸੀਆਂ ਦੇ ਨਾਲ-ਨਾਲ ਮੇਰੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਮੈਨੂੰ ਵਧ ਚੜ੍ਹ ਕੇ ਦਿੱਤੇ ਗਏ ਪਿਆਰ ਤੇ ਸਹਿਯੋਗ ਨੇ ਮੇਰਾ ਹੌਂਸਲਾ ਹੋਰ ਵਧਾਇਆ ਸੀ। ਮੇਰੇ ਸਾਥੀਆਂ ਦੀ ਮਿਹਨਤ ਅਤੇ ਵਾਰਡ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਾਨਦਾਰ ਨਤੀਜ਼ਾ ਨਿਕਲਿਆ ਹੈ।ਮੁਨਸ਼ੀ ਫਾਰੂਕ ਨੇ ਆਪਣੇ ਪੱਤਰਕਾਰ ਭਾਈਚਾਰੇ ਲਈ ਅਵਾਜ਼ ਬੁਲੰਦ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਨਗਰ ਕੌਂਸਲ ਦੀਆਂ ਮੀਟਿੰਗਾਂ ‘ਚ ਪੱਤਰਕਾਰਾਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕਰਵਾਉਣ ਲਈ ਵੀ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਸਾਹਿਦ ਜ਼ੁਬੈਰੀ, ਦਲਜਿੰਦਰ ਸਿੰਘ ਕਲਸੀ, ਭੁਪੇਸ਼ ਜੈਨ, ਸੁਮੰਤ ਤਲਵਾਨੀ, ਅਸਲਮ ਨਾਜ਼, ਮਾਮੂਨ ਰਸ਼ੀਦ, ਸਰਬਜੀਤ ਸਿੰਘ, ਮੁਹੰਮਦ ਸਲੀਮ ਅਤੇ ਮੁਹੰਮਦ ਸਹਿਬਾਜ਼ ਸਮੇਤ ਕਈ ਹੋਰ ਪੱਤਰਕਾਰ ਸਾਥੀ ਹਾਜ਼ਰ ਸਨ।
