ਬਾਦਲ ਨੇ ਪੰਜਾਬ ਦੀ ਤਰੱਕੀ ਲਈ ਐਨ.ਆਰ.ਆਈ. ਭਾਈਚਾਰੇ ਤੋਂ ਮੰਗੀ ਹਮਾਇਤ

0

ਅਕਾਲੀ ਦਲ ਦੇ ਨੌਜਵਾਨ ਆਗੂਆਂ ਦਾ ਵਫਦ 11 ਜੂਨ ਤੋਂ ਕਰੇਗਾ ਕੈਨੇਡਾ ਦੌਰਾ

ਚੰਡੀਗੜ੍ਹ, 3 ਜੂਨ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਦਾ ਇੱਕ ਵਫ਼ਦ 11 ਜੂਨ ਤੋਂ ਕੈਨੇਡਾ ਦਾ ਦੌਰਾ ਕਰਨ ਲਈ ਜਾ ਰਿਹਾ ਹੈ। ਇਹ ਵਫ਼ਦ ਉੱਥੇ ਰਹਿੰਦੇ ਐਨ.ਆਰ.ਆਈ. ਭੈਣ ਭਰਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਗਤਿਵਿਧੀਆਂ ਤੋਂ ਜਾਣੂ ਕਰਵਾਏਗਾ ਅਤੇ ਨਾਲ ਹੀ ਉਨ੍ਹਾਂ ਨੁੰ ਪੰਜਾਬ ਵਿੱਚ ਲੋੜੀਂਦੀਆਂ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਵੀ ਇੱਕਤਰ ਕਰੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਸਾਡੇ ਪੰਜਾਬੀ ਭਾਈਚਾਰੇ ਨੇ ਆਪਣੀ ਮਿਹਨਤ ਸਦਕਾ ਸੰਸਾਰ ਭਰ ਵਿੱਚ ਪੰਜਾਬ ਅਤੇ ਕੌਮ ਦਾ ਨਾਮ ਚਮਕਾਇਆ ਹੈ ਜਿਸ ਲਈ ਸਾਨੂੰ ਸਭ ਨੂੰ ਉਨ੍ਹਾਂ ‘ਤੇ ਮਾਣ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਐਨ. ਆਰ. ਆਈ. ਭਾਈਚਾਰੇ ਦਾ ਸਤਿਕਾਰ ਕੀਤਾ ਹੈ ਅਤੇ ਸਰਕਾਰਾਂ ਸਮੇਂ ਯੋਗ ਪ੍ਰਬੰਧ ਕਰਕੇ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਯਤਨ ਵੀ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਹੁਣ ਅਗਾਂਹ ਲਈ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਹ ਵਫ਼ਦ ਉੱਥੋਂ ਜੋ ਸਲਾਹਾਂ ਲੈਕੇ ਆਵੇਗਾ ਉਨ੍ਹਾਂ ਨੂੰ ਵਿਚਾਰ ਕੇ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ 2027 ਵਿੱਚ ਆਪਣੀ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇਗਾ। ਇਸ ਲਈ ਉਹ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਤੋਂ ਆਸ ਕਰਦੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਫ਼ਦ ਨੂੰ ਪੂਰਨ ਸਹਿਯੋਗ ਅਤੇ ਸਮਰਥਨ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਜੱਦੀ ਘਰ ਹੈ ਅਤੇ ਇਸਦੀ ਤਰੱਕੀ, ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਆਓ ਮਿਲਕੇ ਪੰਜਾਬੀਆਂ ਦੀ ਇਕਲੌਤੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੀਏ। ਵਫ਼ਦ ’ਚ ਪਰਮਬੰਸ ਸਿੰਘ ਰੋਮਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰਪਾਲ ਸਿੰਘ ਢੱਟ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ, ਐਡਵੋਕੇਟ ਰਾਜਕਮਲ ਸਿੰਘ ਮੈਂਬਰ ਸ਼ਾਮਲ ਹਨ।

Leave a Reply

Your email address will not be published. Required fields are marked *