ਮਾਮਲਾ ਸਿੱਖ ਪੰਥ ਤੇ ਪੰਜਾਬ ਨਾਲ ਸਬੰਧਤ ਮੰਗਾਂ ਦੇ ਹੱਲ ਦਾ

0

.ਅਕਾਲੀ ਦਲ ਪੁਨਰ ਸੁਰਜੀਤ ਨੇ ਰਾਜਪਾਲ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਦਿੱਤਾ ਮੰਗ ਪੱਤਰ
ਮਾਲੇਰਕੋਟਲਾ, 2 ਜੂਨ (ਪੱਤਰ ਪ੍ਰੇਰਕ) ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਸਮੇਤ ਸਿੱਖ ਪੰਥ ਨਾਲ ਸਬੰਧਤ ਮੰਗਾਂ ਦੀ ਪੂਰਤੀ ਲਈ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲਾ ਮਾਲੇਰਕੋਟਲਾ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਦੇ ਨਾਂ ‘ਤੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ‘ਚ ਪੰਜਾਬੀ ਸੂਬੇ ਅਤੇ ਕਿਸਾਨਾਂ-ਮਜ਼ਦੂਰਾਂ ਸਮੇਤ ਵਿਸ਼ੇਸ਼ਕਰ ਸਿੱਖ ਪੰਥ ਨਾਲ ਜੁੜੀਆਂ ਹੋਈਆਂ 10 ਮੰਗਾਂ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਜੀ ਨੂੰ ਆਪਣੇ ਤੌਰ ‘ਤੇ ਅਤੇ ਭਾਰਤ ਦੇ ਗ੍ਰਹਿ ਵਿਭਾਗ ਸਮੇਤ ਮਾਨਯੋਗ ਰਾਸ਼ਟਰਪਤੀ ਤੱਕ ਪਹੁੰਚ ਕਰਕੇ ਉਕਤ ਮੰਗਾਂ ਨੂੰ ਤੁਰੰਤ ਪੂਰਾ ਕਰਵਾਉਣ ਦੇ ਸੁਹਿਰਦ ਯਤਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ‘ਚ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਾਨੂੰਨ 2026 ‘ਚ ਸੋਧ ਕਰਵਾਉਣ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਇਹ ਕਾਨੂੰਨ ਬਹੁਤ ਕਾਹਲੀ ਨਾਲ ਦੇਸ਼-ਵਿਦੇਸ਼ ਦੀਆਂ ਜ਼ਿੰਮੇਵਾਰ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਦੀ ਸਲਾਹ ਲਏ ਬਿਨ੍ਹਾਂ ਪਾਸ ਕੀਤਾ ਗਿਆ ਹੈ।ਜਿਸ ਕਾਰਨ ਇਸ ‘ਚ ਭਾਰੀ ਤਰੁੱਟੀਆਂ ਹੋਣ ਦੇ ਚਲਦਿਆਂ ਇਹ ਵਿਵਾਦਤ ਬਣ ਗਿਆ ਹੈ। ਇਸ ਲਈ ਸਿੱਖ ਪੰਥ ਚਾਹੁੰਦਾ ਹੈ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਢਾਹ ਲਾਉਣ ਵਾਲੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਅਤੇ ਸਰਕਾਰ ਨੂੰ ਸਿੱਖ ਸੰਸਥਾਵਾਂ ਦੇ ਧਾਰਮਿਕ ਖੇਤਰ ‘ਚ ਦਖਲ ਦੇਣ ਤੋਂ ਰੋਕਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਅਤੇ ਕਾਨੂੰਨ ਦਾ ਵਿਰੋਧ ਕਰਨ ਵਾਲੇ ਇਸ ਉੱਪਰ ਸਿਰਫ ਟਕਰਾਅ ਦੀ ਰਾਜਨੀਤੀ ਕਰ ਰਹੇ ਹਨ।ਜੂਨ 1984 ਦੇ ਘੱਲੂਘਾਰੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਉਕਤ ਸਾਕੇ ਲਈ ਭਾਰਤ ਸਰਕਾਰ ਪਾਰਲੀਮੈਂਟ ‘ਚ ਮੁਆਫੀ ਮੰਗੇ ਅਤੇ ਇੰਦਰਾ ਗਾਂਧੀ ਨੂੰ ਉਸ ਕਾਂਡ ਦੀ ਮੁੱਖ ਜ਼ਿੰਮੇਵਾਰ ਦੋਸ਼ੀ ਕਰਾਰ ਦੇ ਕੇ ਉਸ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ।ਇਸਦੇ ਨਾਲ ਹੀ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਦਾ ਨਾਮ ਬਦਲਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ।ਸਿੱਖਾਂ ਦੇ ਹਿਰਦੇ ਵਲੂੰਦਰਣ ਵਾਲੀਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮੁਲਜ਼ਮਾਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਜਲਦੀ ਅਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਅਤੇ ਬਾਹਰਲੀਆਂ ਸਟੇਟਾਂ ‘ਚ ਤਬਦੀਲ ਕੀਤੇ ਗਏ ਕੇਸ ਸਬੰਧਤ ਇਲਾਕਾ ਅਦਾਲਤਾਂ ‘ਚ ਤਬਦੀਲ ਕੀਤੇ ਜਾਣ ਤਾਂ ਕਿ ਗਵਾਹ ਆਸਾਨੀ ਨਾਲ ਉਨ੍ਹਾਂ ਦੇ ਖਿਲਾਫ ਆਪਣੇ ਬਿਆਨ ਦੇ ਸਕਣ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਸਾਲ 2011 ਤੋਂ ਬਾਅਦ ਐੱਸ.ਜੀ.ਪੀ.ਸੀ. ਦੀਆਂ ਆਮ ਚੋਣਾਂ ਨਾ ਹੋਣ ਕਾਰਨ ਇਹ ਸੰਸਥਾ ਇਕ ਪਰਿਵਾਰ ਦਾ ਰਾਜਨੀਤਿਕ ਵਿੰਗ ਬਣ ਕੇ ਰਹਿ ਗਈ ਹੈ।ਇਸ ਲਈ ਇਹ ਚੋਣਾਂ ਤੁਰੰਤ ਕਰਵਾਈਆਂ ਜਾਣ, ਤਾਂ ਜੋ ਲੋਕ ਨਿਰਪੱਖਤਾ ਨਾਲ ਆਪਣੇ ਧਾਰਮਿਕ ਨੁਮਾਇੰਦਿਆਂ ਦੀ ਚੋਣ ਕਰ ਸਕਣ।ਜ਼ੇਲਾਂ ‘ਚ ਬੰਦ ਅਣਗਿਣਤ ਸਿੱਖ ਜੋ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਸਮਾਂ ਜ਼ੇਲ੍ਹਾਂ ‘ਚ ਗੁਜ਼ਾਰ ਚੁੱਕੇ ਹਨ ਅਤੇ ਹੁਣ ਉਹ ਬੁਢੇਪੇ ‘ਚ ਪਹੁੰਚ ਚੁੱਕੇ ਹਨ।ਉਨ੍ਹਾਂ ਸਾਰੇ ਬੰਦੀ ਸਿੱਖਾਂ ਨੂੰ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਦਿਆਂ ਤੁਰੰਤ ਰਿਹਾਅ ਕੀਤਾ ਜਾਵੇ।
ਦੇਸ਼ ਦੇ ਅੰਨ ਭੰਡਾਰਾਂ ਨੂੰ ਭਰਣ ਵਾਲੀ ਖਸਤਾ ਹਾਲ ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ, ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਨਾਲ ਫਸਲੀ ਵਿਭਿੰਨਤਾ ਲਿਆਂਦੀ ਜਾਵੇ, ਖੇਤੀ ਨਾਲ ਸਬੰਧਤ ਉਦਯੋਗ ਸਥਾਪਿਤ ਕਰਨ ਲਈ ਕਿਸਾਨਾਂ ਨੂੰ ਸਿੱਖਿਅਤ ਕਰਕੇ ਬਿਨਾਂ ਵਿਆਜ ਕਰਜ਼ੇ ਦਿੱਤੇ ਜਾਣ, ਦਰਿਆਈ ਪਾਣੀਆਂ ਨੂੰ ਪਹਿਲੇ ਹੱਕ ਵਜੋਂ ਪੰਜਾਬ ਅੰਦਰਲੇ ਖੇਤਾਂ ਦੇ ਹਰ ਨੱਕੇ ਤੇ ਹਰ ਘਰ ਦੀ ਟੂਟੀ ਤੱਕ ਪਹੁੰਚਦਾ ਕੀਤਾ ਜਾਵੇ, ਮੌਸਮੀ ਤਬਦੀਲੀ ਕਾਰਨ ਸਰਕਾਰੀ ਖਰਚੇ ‘ਤੇ ਫਸਲੀ ਬੀਮਾ ਜ਼ਰੂਰੀ ਕੀਤਾ ਜਾਵੇ ਅਤੇ ਖੇਤੀ ਵਪਾਰ ਲਈ ਵਾਹਘਾ ਬਾਰਡਰ ਖੋਲ੍ਹਿਆ ਜਾਵੇ।ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ ਕਰਕੇ ਉਨ੍ਹਾਂ ਨੂੰ ਰਿਹਾਇਸ਼ ਲਈ ਸਸਤੇ ਘਰ, ਮਨਰੇਗਾ ਤਹਿਤ ਪਹਿਲਾਂ ਵਾਂਗ ਕੇਂਦਰ-ਰਾਜ ਦੇ 90+10 ਫੀਸਦੀ ਹਿੱਸੇ ਨਾਲ ਲਗਾਤਾਰ ਸਾਲ ਭਰ ਕੰਮ ਦਿੱਤਾ ਜਾਵੇ ਅਤੇ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਬਿਮਾਰ ਉਦਯੋਗ ਨੂੰ ਬਚਾਉਣ ਲਈ ਕਰਜ਼ਾ ਮੁਆਫ ਕੀਤਾ ਜਾਵੇ।ਨਵੰਬਰ 1966 ‘ਚ ਪੰਜਾਬ ਦੇ ਪੁਨਰ ਗਠਨ ਵੇਲੇ ਬਾਹਰ ਰੱਖੇ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਲ ਕਰਕੇ 60 ਸਾਲ ਪਹਿਲਾਂ ਪੰਜਾਬ ਦਾ ਭੂਗੋਲ ਵਿਗਾੜਣ ਦੀ ਹੋਈ ਭਿਆਨਕ ਰਾਜਨੀਤਿਕ ਗਲਤੀ ਨੂੰ ਸੁਧਾਰਿਆ ਜਾਵੇ ਅਤੇ ਪੰਜਾਬੀ ਸੂਬੇ ਨੂੰ ਪੂਰਾ ਕਰਕੇ ਸਿੱਖ ਹਿੱਤਾਂ ਨੂੰ ਸੁਰੱਖਿਅਤ ਕੀਤਾ ਜਾਵੇ।ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਪੰਜਾਬ ਦਾ ਹੱਕ ਮੰਨਿਆ ਜਾਵੇ, ਰਾਜਸਥਾਨ ਅਤੇ ਹਰਿਆਣਾ ਨੂੰ ਦਿੱਤੇ ਜਾ ਰਹੇ ਪਾਣੀ ਦਾ ਮੁੱਲ ਨਿਰਧਾਰਤ ਕਰਕੇ 1966 ਤੋਂ ਮੁਆਵਜ਼ਾ ਦਿੱਤਾ ਜਾਵੇ।ਬਿਜਲਈ ਡੈਮਾਂ ਦਾ ਕੰਟਰੌਲ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਜਾਵੇ, ਜੋ ਇਸ ਦਾ ਪ੍ਰਬੰਧ ਅਤੇ ਵੰਡ ਬਾਰੇ ਫੈਸਲਾ ਕਰੇ।ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਕਰਤਾਰਪੁਰ ਲਾਂਘਾ ਤੁਰੰਤ ਖੁਲਵਾਇਆ ਜਾਵੇ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਗੁਰੂ ਸ਼੍ਰੀ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ।ਉਪਰੋਕਤ ਮੰਗ ਪੱਤਰ ਦੇਣ ਮੌਕੇ ਸਾਬਕਾ ਚੇਅਰਮੈਨ ਹਾਜੀ ਤੁਫੈਲ ਮਾਲਿਕ, ਅਮਰਿੰਦਰ ਸਿੰਘ ਮੰਡੀਆਂ, ਐਡਵੋਕੇਟ ਜੁਲਫਕਾਰ ਮਾਲਿਕ, ਐਡਵੋਕੇਟ ਹਰਦੀਪ ਸਿੰਘ ਖਟੜਾ, ਪ੍ਰਧਾਨ ਸ਼ਫੀਕ ਚੋਹਾਨ, ਸਰਪੰਚ ਡਾ.ਹਰਦੀਪ ਸਿੰਘ ਮੰਡੀਆ ਸਾਬਕਾ ਚੇਅਰਮੈਨ ਸਾਹਿਬਜਾਦਾ ਸਕੂਲ, ਜ਼ਿਲਾ ਪ੍ਰੀਸਦ ਮੈਂਬਰ ਸੁਖਵੀਰ ਸਿੰਘ ਬਿੱਟੂ ਸਲੇਮਪੁਰ, ਦੀਪਕ ਕੌੜਾ, ਸੱਤਪਾਲ ਮੰਡੀਆਂ, ਮੁਹੰਮਦ ਜਮੀਲ ਕਾਨੂੰਗੋ, ਦਿਲਬਾਗ ਸਿੰਘ ਖੇੜੀ ਸੋਢੀਆਂ, ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਨੰਬਰਦਾਰ ਲਖਵੀਰ ਸਿੰਘ ਮੰਡੀਆਂ, ਸਰਪੰਚ ਚਮਕੌਰ ਸਿੰਘ, ਨਸੀਰ ਭੱਟੀ ਕਿਲਾ, ਕੁਲਦੀਪ ਸਿੰਘ ਨਾਰੀਕੇ, ਬਾਬਾ ਗੁਲਜ਼ਾਰ ਸਿੰਘ ਫਲਵਾੜੀ ਵਾਲੇ, ਸ਼ਾਮ ਲਾਲ ਮੰਡੀਆਂ ਅਤੇ ਹਰਬੰਸ ਸਿੰਘ ਧੀਰੋਮਾਜਰਾ ਹਾਜ਼ਰ ਸਨ।

Leave a Reply

Your email address will not be published. Required fields are marked *